ਚੰਡੀਗੜ੍ਹ: ਮੋਗਾ-ਫਿਰੋਜ਼ਪੁਰ ਕੌਮੀ ਮਾਰਗ ਉੱਤੇ ਸਥਿੱਤ ਨਗਰ ਨਿਗਮ ਦੇ ਪਿੰਡ ਦੁਨੇਕੇ ਵਿਖੇ ਆਵਾਰਾ ਢੱਠੇ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਅਤੇ ਤਿੰਨ ਹੋਰਾਂ ਨੂੰ ਜ਼ਖਮੀ ਵੀ ਕੀਤਾ। ਇੰਨਾਂ ਨਹੀਂ ਪੰਜ ਦਿਨ ਪਹਿਲਾਂ ਹੀ ਇਥੇ ਢੱਠੇ ਨੇ ਇਸ ਪਿੰਡ ਦੇ ਸੰਤਾਂ ਸਿੰਘ ਦੀ ਜਾਨ ਲੈ ਲਈ ਸੀ ਅਤੇ 6 ਮਹੀਨੇ ਪਹਿਲਾਂ ਮਹਿਲਾ ਕਰਨੈਲ ਕੌਰ ਦੀ ਵੀ ਜਾਨ ਜਾ ਚੁੱਕੀ ਹੈ।ਰੋਸ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਖ਼ਿਲਾਫ਼ ਲਾਸ਼ ਸੜਕ ਵਿੱਚ ਰੱਖਕੇ ਤਕਰੀਬਨ ਤਿੰਨ ਘੰਟੇ ਚੱਕਾ ਜਾਮ ਕੀਤਾ ਅਤੇ ਨਾਅਰੇਬਾਜ਼ੀ ਕੀਤੀ।


ਜਾਣਕਾਰੀ ਅਨੁਸਾਰ ਅਮਰ ਸਿੰਘ ਉਰਫ਼ ਕਮਰੀ (60) ਪੁੱਤਰ ਕਪੂਰਾ ਸਿੰਘ ਪਿੰਡ ਦੁਨੇਕੇ ਸਵੇਰੇ ਤਕਰੀਬਨ 5.30 ਵਜੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤਾਂ ਮੋਗਾ-ਫ਼ਿਰੋਜਪੁਰ ਮਾਰਗ ਉੱਤੇ ਅਵਾਰਾ ਢੱਠੇ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਪਟਕਾ ਪਟਕਾ ਕੇ ਮਾਰਿਆ ਅਤੇ ਜਖ਼ਮਾਂ ਦੀ ਤਾਬ ਨਾਂ ਝਲਦਾ ਉਹ ਮੌਕੇ ਉੱਤੇ ਹੀ ਦਮ ਤੋੜ ਗਿਆ।

ਇਸ ਘਟਨਾ ਦੀ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਲਾਊਡ ਸਪੀਕਰ ਨਾਲ ਜਾਣਕਾਰੀ ਦਿੱਤੀ ਗਈ ਤਾਂ ਲੋਕਾਂ ਨੇ ਮ੍ਰਿਤਕ ਦੀ ਲਾਸ਼ ਸੜਕ ਵਿੱਚ ਰੱਖਕੇ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਭੂਤਰੇ ਢੱਠੇ ਨੇ ਮਹਿਲਾ ਜੋਗਿੰਦਰ ਕੌਰ (45), ਕੁਲਵਿੰਦਰ ਸਿੰਘ ਉਰਫ਼ ਕਿੰਦਾਂ (35) ਅਤੇ 10ਵੀਂ ਜਮਾਤ ਦੇ ਵਿਦਿਆਰਥੀ ਲਵਪ੍ਰੀਤ ਸਿੰਘ (16) ਨੂੰ ਵੀ ਨਿਸ਼ਾਨਾਂ ਬਣਾ ਲਿਆ ਅਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ।

ਇਸ ਮੌਕੇ ਵੱਡੀ ਗਿਣਤੀ ਵਿੱਚ ’ਆਪ’ ਅਤੇ ਕਾਂਗਰਸ ਆਗੂ ਵੀ ਪਹੁੰਚੇ ।ਇਸ ਮੌਕੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਕੁਲਦੀਪ ਸਿੰਘ ਵੈਦ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਤੁਰੰਤ ਹੱਲ ਕਰਨ ਅਤੇ ਮ੍ਰਿਤਕ ਪਰਿਵਾਰ ਨੂੰ 2.50 ਲੱਖ ਅਤੇ ਜਖ਼ਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਭਰੋਸਾ ਦੇਣ ਬਾਅਦ ਪੀੜਤ ਪਰਿਵਾਰ ਬਜ਼ੁਰਗ ਦੇ ਪੋਸਟ ਮਾਰਟ ਤੇ ਹੋਰ ਪੁਲੀਸ ਕਾਰਵਾਈ ਲਈ ਰਾਜ਼ੀ ਹੋ ਗਿਆ ਅਤੇ ਤਕਰੀਬਨ 3 ਘੰਟੇ ਬਾਅਦ ਆਵਾਜਾਈ ਬਹਾਲ ਹੋਈ।

ਇਸ ਮੌਕੇ ਇਸ ਪਿੰਡ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਆਗੂ ਮਨਜੀਤ ਸਿੰਘ ਮੱਲ੍ਹਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਸਮੱਸਿਆ ਲਈ ਗੰਭੀਰ ਨਹੀਂ ਹੈ। ਉਨ੍ਹਾਂ ਦੱਸਿਆ ਕਿ 5 ਦਿਨ ਪਹਿਲਾਂ ਹੀ ਇਥੇ ਢੱਠੇ ਨੇ ਇਸ ਪਿੰਡ ਦੇ ਸੰਤਾਂ ਸਿੰਘ ਦੀ ਜਾਨ ਲੈ ਲਈ ਸੀ ਅਤੇ 6 ਮਹੀਨੇ ਪਹਿਲਾਂ ਮਹਿਲਾ ਕਰਨੈਲ ਕੌਰ ਦੀ ਵੀ ਜਾਨ ਜਾ ਚੁੱਕੀ ਹੈ। ਵੀਡਿਉ ਦੇਖਣ ਲਈ ਹੇਠ ਕਲਿੱਕ ਕਰੋ।

[embed]