ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ 'ਚ ਬਾਸਮਤੀ ਦੀ ਆਮਦ ਤੇਜ਼ ਹੋ ਗਈ ਹੈ। ਕਿਸਾਨ ਬਾਸਮਤੀ ਲੈ ਕੇ ਮੰਡੀ 'ਚ ਪੁੱਜ ਰਹੇ ਹਨ। ਬਾਸਮਤੀ ਦੀ ਸਰਕਾਰੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਵਾਜਿਬ ਰੇਟ ਨਹੀਂ ਮਿਲਦਾ । ਹੁਣ ਤੱਕ ਮੰਡੀ ਚ ਬਾਸਮਤੀ ਦਾ ਵੱਧ ਤੋਂ ਵੱਧ ਰੇਟ 3550 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ।

ਮੰਡੀ 'ਚ ਫ਼ਸਲ ਲੈ ਕੇ ਆਏ ਕਿਸਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦੇ ਹਨ। ਇੱਕ ਪਾਸੇ ਸਰਕਾਰ ਪਾਣੀ ਬਚਾਉਣ ਦੀ ਗੱਲ ਕਰਦੀ ਹੈ ,ਦੂਜੇ ਪਾਸੇ ਕਿਸਾਨਾਂ ਨੂੰ ਬਾਸਮਤੀ ਦਾ ਵਾਜਿਬ ਰੇਟ ਨਹੀਂ ਮਿਲਦਾ। ਬਾਸਮਤੀ ਦੀ ਸਰਕਾਰੀ ਖਰੀਦ ਹੋਣੀ ਚਾਹੀਦੀ ਹੈ। ਆੜ੍ਹਤੀ ਅਮਿਤ ਬਾਂਸਲ ਨੇ ਕਿਹਾ ਕਿ ਬਾਹਰੀ ਵਪਾਰੀ ਹੀ ਮੰਡੀ 'ਚ ਬਾਸਮਤੀ ਦੀ ਖਰੀਦ ਕਰਦੇ ਹਨ। ਇਸ ਵਾਰ ਤਾਂ ਪਿਛਲੇ ਸਾਲ ਨਾਲੋਂ ਵੱਧ ਰੇਟ ਮਿਲ ਰਿਹਾ ਹੈ। ਹਾਲੇ ਫ਼ਸਲ 'ਚ ਨਮੀ ਵੀ ਜਿਆਦਾ ਆ ਰਹੀ ਹੈ। ਬਾਸਮਤੀ ਦੀ ਸਰਕਾਰੀ ਖਰੀਦ ਤਾਂ ਹੀ ਸੰਭਵ ਹੈ ਜਦੋਂ ਕੇਂਦਰ ਸਰਕਾਰ ਇਸਦਾ ਰੇਟ ਫਿਕਸ ਕਰੇ।

ਮਾਰਕੀਟ ਕਮੇਟੀ ਸੈਕਟਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੰਜ ਹਜਾਰ ਕੁਇੰਟਲ ਦੇ ਕਰੀਬ ਬਾਸਮਤੀ ਮੰਡੀ 'ਚ ਆਈ ਹੈ। ਖਰੀਦ ਸਹੀ ਤਰੀਕੇ ਨਾਲ ਹੋ ਰਹੀ ਹੈ। ਪਿਛਲੇ ਸਾਲ ਨਾਲੋਂ ਰੇਟ ਵੀ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਰਿਹਾ ਹੈ। ਓਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲ ਨੂੰ ਸੁਕਾ ਕੇ ਮੰਡੀ 'ਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। 

 

ਓਧਰ ਕਰਨਾਲ ਜ਼ਿਲ੍ਹੇ 'ਚ ਵੀ ਝੋਨੇ ਦੀ ਕਟਾਈ ਤੇਜ਼ ਹੋਣ ਨਾਲ ਹੀ ਬਾਸਮਤੀ ਦੀ ਖੁਸ਼ਬੂਦਾਰ ਲੰਬੇ ਦਾਣੇ ਵਾਲੀਆਂ ਕਿਸਮਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਹੈ।  ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ 500 ਰੁਪਏ ਪ੍ਰਤੀ ਕਵਿੰਟਲ ਦੀ ਗਿਰਾਵਟ ਕਾਰਨ ਕੀਮਤ ਇਕ ਹਫ਼ਤੇ 'ਚ 3,700 ਰੁਪਏ ਪ੍ਰਤੀ ਕਵਿੰਟਲ ਤੋਂ ਘੱਟ ਕੇ 3,100 ਰੁਪਏ ਪ੍ਰਤੀ ਕਵਿੰਟਲ ਹੋ ਗਈ। ਆੜ੍ਹਤੀ ਇਸ ਦੇ ਪਿੱਛੇ ਕਈ ਕਾਰਨ ਦੱਸ ਰਹੇ ਹਨ।  

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।