ਚੰਡੀਗੜ੍ਹ: ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆ ਨਹੀਂ ਆਏਗੀ ਪਰ ਕਿਸਾਨ ਇਸ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਦਰਅਸਲ ਸਰਕਾਰ ਨੇ ਕਣਕ ਖਰੀਦਣ ਦੀ ਰਣਨੀਤੀ ਤਾਂ ਬਣਾ ਲਈ ਹੈ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸੌਖਾ ਨਜ਼ਰ ਨਹੀਂ ਹੋ ਰਿਹਾ। ਇਸ ਲਈ ਚਰਚਾ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ।
ਕਿਸਾਨਾਂ ਨੂੰ ਫਿਕਰ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਕਣਕ ਖਰੀਦਣ ਦੀ ਯੋਜਨਾ ਬਣਾ ਰਹੀ, ਇਸ ਨਾਲ ਤਾਂ ਅਗਲੇ ਡੇਢ ਮਹੀਨੇ ਉਹ ਮੰਡੀਆਂ ਦੇ ਚੱਕਰਾਂ ਵਿੱਚ ਹੀ ਉਲਝੇ ਰਹਿਣਗੇ। ਕਿਸਾਨਾਂ ਨੇ ਕਣਕ ਵੇਚ ਕੇ ਨਾਲ ਹੀ ਅਗਲੇ ਸੀਜ਼ਨ ਦੀ ਤਿਆਰੀ ਵਿੱਚ ਜੁੱਟਣਾ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਕਿਸਾਨ ਆੜ੍ਹਤੀਆਂ 'ਤੇ ਹੀ ਨਿਰਭਰ ਹਨ। ਆੜ੍ਹਤੀਏ ਕਿਸਾਨਾਂ ਨਾਲ ਪੂਰੀ ਫਸਲ ਵਿਕਣ 'ਤੇ ਹੀ ਹਿਸਾਬ ਕਰਦੇ ਹਨ। ਇਸ ਲਈ ਵੀ ਕਿਸਾਨ ਅੱਧ-ਵਿਚਾਲੇ ਲਟਕੇ ਰਹਿਣਗੇ।
ਪੰਜਾਬ ਸਰਕਾਰ ਨੇ ਕਣਕ ਨੂੰ ਘਰ ਸੰਭਾਲਣ ਵਾਲੇ ਕਿਸਾਨਾਂ ਲਈ ਬੋਨਸ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਇਸ ਲਈ ਵੀ ਕਿਸਾਨ ਭੰਬਲਭੂਸੇ ਵਿੱਚ ਹਨ। ਤਾਜ਼ਾ ਹਾਲਾਤ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਲਗਪਗ ਦੋ ਤਿਹਾਈ ਕਿਸਾਨਾਂ ਨੂੰ ਕਣਕ ਕਟਵਾ ਕੇ ਕੁਝ ਸਮੇਂ ਲਈ ਆਪਣੇ ਘਰਾਂ ਵਿੱਚ ਰੱਖਣ ਦਾ ਪ੍ਰਬੰਧ ਕਰਨਾ ਪਵੇਗਾ। ਕਿਸਾਨਾਂ ਕੋਲ ਇੰਨੇ ਪ੍ਰਬੰਧ ਨਹੀਂ ਕਿ ਉਹ ਕਣਕ ਨੂੰ ਅੰਦਰ ਸੰਭਾਲ ਸਕਣ। ਇਸ ਲਈ ਖੁੱਲ੍ਹੇ ਵਿੱਚ ਕਣਕ ਰੱਖਣ ਦਾ ਖਤਰਾ ਰਹਿੰਦਾ ਹੈ।
ਇਸ ਬਾਰੇ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਆੜ੍ਹਤੀ ਉੱਤੇ ਇਹ ਕੰਮ ਛੱਡ ਦਿੱਤਾ ਗਿਆ ਹੈ ਕਿ ਉਹ ਟਰਾਲੀਆਂ ਦੇ ਪਾਸ ਨਿਰਪੱਖਤਾ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਹੱਥਾਂ ਨਾਲ ਕਟਾਈ ਕਰਕੇ ਫਿਰ ਥਰੈਸਰਾਂ ਨਾਲ ਅਨਾਜ ਕੱਢ ਕੇ ਮੰਡੀ ਵਿੱਚ ਲਿਆਉਂਦੇ ਸਨ, ਕਿਸਾਨਾਂ ਨੂੰ ਉਸੇ ਤਰ੍ਹਾਂ ਸਹਿਯੋਗ ਕਰਨਾ ਪਵੇਗਾ। ਪੰਨੂ ਨੇ ਮੰਨਿਆ ਕਿ ਸਰਕਾਰ ਦੇ ਪ੍ਰਬੰਧ ਵੀ ਕਿਸਾਨਾਂ ਦੇ ਸਹਿਯੋਗ ਉੱਤੇ ਹੀ ਨਿਰਭਰ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਪਗ 18 ਹਜ਼ਾਰ ਕੰਬਾਈਨਾਂ ਹਨ। ਕੰਬਾਈਨਾਂ ਕਣਕ ਦੀ ਕਟਾਈ ਤਾਂ 20 ਦਿਨ ਵਿੱਚ ਕਰ ਦੇਣਗੀਆਂ। ਕੇਂਦਰ ਸਰਕਾਰ ਜੇਕਰ ਪੰਜਾਬ ਨੂੰ ਸਹਿਯੋਗ ਕਰ ਦਿੰਦੀ ਤਾਂ ਆਸਾਨੀ ਹੋਣੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਮਈ ’ਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ 100 ਰੁਪਏ ਤੇ ਜੂਨ ਵਿੱਚ ਲਿਆਉਣ ਵਾਲਿਆਂ ਨੂੰ 200 ਰੁਪਏ ਕੁਇੰਟਲ ਬੋਨਸ ਦੇਣ ਦੇ ਫ਼ੈਸਲੇ ਨਾਲ ਸਾਰੇ ਵੱਡੇ ਕਿਸਾਨਾਂ ਨੇ ਕਣਕ ਘਰ ਰੱਖ ਲੈਣੀ ਸੀ ਪਰ ਕੇਂਦਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ।
ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ ਕਿਸਾਨ!
ਏਬੀਪੀ ਸਾਂਝਾ
Updated at:
12 Apr 2020 10:33 AM (IST)
ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆ ਨਹੀਂ ਆਏਗੀ ਪਰ ਕਿਸਾਨ ਇਸ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਦਰਅਸਲ ਸਰਕਾਰ ਨੇ ਕਣਕ ਖਰੀਦਣ ਦੀ ਰਣਨੀਤੀ ਤਾਂ ਬਣਾ ਲਈ ਹੈ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸੌਖਾ ਨਜ਼ਰ ਨਹੀਂ ਹੋ ਰਿਹਾ। ਇਸ ਲਈ ਚਰਚਾ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ।
- - - - - - - - - Advertisement - - - - - - - - -