ਚੰਡੀਗੜ੍ਹ: ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਨਾਲ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੋ ਗਈ ਹੈ। ਆਪਣੇ ਜੱਦੀ ਸੂਬਿਆਂ ਤੋਂ ਇਹ ਮਜ਼ਦੂਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਆਉਂਦੇ ਹਨ। ਹੁਣ ਝੋਨੇ ਦੀ ਵਾਢੀ ਲਈ ਪਿਛਲੇ 10 ਦਿਨਾਂ ਵਿੱਚ 75 ਹਜ਼ਾਰ ਪ੍ਰਵਾਸੀ ਮਜ਼ਦੂਰ ਪੰਜਾਬ ਰਵਾਨਾ ਹੋ ਚੁੱਕੇ ਹਨ।
ਬਿਹਾਰ ਦੇ ਸਹਰਸਾ ਤੋਂ ਅੰਮ੍ਰਿਤਸਰ ਤਕ ਇੱਕੋ ਹੀ ਰੇਲ ਜਾਂਦੀ ਹੈ, ਜੋ ਇਨ੍ਹਾਂ ਮਜ਼ਦੂਰਾਂ ਦੀ ਲਾਈਫ਼ਲਾਈਨ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਬੰਦ ਹੈ। ਅੰਮ੍ਰਿਤਸਰ ਤਕ ਜਾਣ ਵਾਲੀ ਇਸ ਰੇਲ ਗੱਡੀ ਦੀਆਂ ਇਨ੍ਹੀਂ ਦੀ ਸੱਤ-ਅੱਠ ਹਜ਼ਾਰ ਟਿਕਟ ਰੋਜ਼ਾਨਾ ਵਿਕਦੀਆਂ ਹਨ ਤੇ ਰੇਲਵੇ ਨੂੰ ਲੱਖਾਂ ਦੀ ਕਮਾਈ ਹੁੰਦੀ ਹੈ। ਹੁਣ ਪ੍ਰਵਾਸੀ ਮਜ਼ਦੂਰ ਵੱਖ-ਵੱਖ ਟੁੱਟਵੀਆਂ ਰੇਲਾਂ 'ਤੇ ਭੇਡਾਂ-ਬੱਕਰੀਆਂ ਵਾਂਗ ਲੱਦ ਕੇ ਆਪੋ ਆਪਣੀ ਮੰਜ਼ਲ ਤਕ ਪਹੁੰਚ ਰਹੇ ਹਨ। ਰੋਜ਼ਾਨਾ ਸੱਤ-ਅੱਠ ਹਜ਼ਾਰ ਮਜ਼ਦੂਰ ਪੰਜਾਬ ਵੱਲ ਪਲਾਇਨ ਕਰ ਰਹੇ ਹਨ, ਇਸ ਲਈ ਕਈਆਂ ਦੀਆਂ ਗੱਡੀਆਂ ਵੀ ਛੁੱਟ ਜਾਂਦੀਆਂ ਹਨ।
ਬਿਹਾਰ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੰਜਾਬ ਆ ਕੇ ਮਜ਼ਦੂਰੀ ਨਹੀਂ ਕਰਨਗੇ ਤਾਂ ਖਾਣਗੇ ਕੀ। ਬੇਸ਼ੱਕ ਉਹ ਆਪਣੇ ਜੱਦੀ ਥਾਵਾਂ 'ਤੇ ਖ਼ੁਦ ਵੀ ਖੇਤੀ ਕਰਦੇ ਹਨ, ਪਰ ਜ਼ਮੀਨ ਘੱਟ ਹੋਣ ਕਾਰਨ ਤੇ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਉਹ ਪੰਜਾਬ ਵੱਲ ਰੁਖ਼ ਕਰਦੇ ਹਨ।
ਇਨ੍ਹਾਂ ਮਜ਼ਦੂਰਾਂ ਦੀ ਆਰਥਕ ਹਾਲਤ ਇੰਨੀ ਨਾਜ਼ੁਕ ਹੈ ਕਿ ਪੰਜਾਬ ਆਉਣ ਲਈ ਰੇਲ ਦਾ ਕਿਰਾਇਆ ਤੇ ਖਾਣ ਖਰਚ ਲਈ ਵੀ ਇਨ੍ਹਾਂ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ। ਪੰਜਾਬ ਦੇ ਖੇਤਾਂ ਵਿੱਚ ਆਸਾਨੀ ਨਾਲ ਕੰਮ ਮਿਲ ਜਾਂਦਾ ਹੈ ਤੇ ਇਹ ਪ੍ਰਵਾਸੀ ਮਜ਼ਦੂਰ ਸਾਰੇ ਖ਼ਰਚੇ ਕੱਢ ਕੇ 10,000 ਰੁਪਏ ਬਚਾ ਕੇ ਆਪਣੇ ਜੱਦੀ ਪਿੰਡ ਪਰਤ ਜਾਂਦੇ ਹਨ। ਇਹ ਤਸਵੀਰ ਉਨ੍ਹਾਂ ਦਾਅਵਿਆਂ ਦਾ ਖੰਡਨ ਕਰਦੀ ਹੈ ਕਿ ਹੁਣ ਤਰੱਕੀ ਪਸੰਦ ਸੂਬਿਆਂ ਦੇ ਵਾਸੀ ਬਾਹਰਲੇ ਸੂਬਿਆਂ ਵਿੱਚ ਮਜ਼ਦੂਰੀ ਨਹੀਂ ਕਰਨ ਜਾਂਦੇ।
ਬਿਹਾਰ ਦੇ ਮਜ਼ਦੂਰ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਤੋਂ ਵੱਧ ਸੁਰੱਖਿਅਤ ਮੰਨਦੇ ਹਨ। ਭਾਵੇਂ ਤਾਜ਼ਾ ਗੁਜਰਾਤ ਵਿੱਚ ਹੋਈਆਂ ਘਟਨਾਵਾ ਤੇ ਭਾਵੇਂ ਪਿਛਲੇ ਸਮੇਂ ਵਿੱਚ ਮਹਾਰਾਸ਼ਟਰ ਦੀਆਂ ਵਾਰਦਾਤਾਂ ਹੋਣ, ਇਨ੍ਹਾਂ ਮਜ਼ਦੂਰਾਂ ਦਾ ਪੰਜਾਬ ਪ੍ਰਤੀ ਝੁਕਾਅ ਵਧਾਇਆ ਹੈ।