ਚੰਡੀਗੜ੍ਹ: ਬੀਤੇ ਦਿਨੀਂ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਫਾਜ਼ਿਲਕਾ ਦੇ ਪਿੰਡ ਬਕੈਨਵਾਲਾ ਵਿੱਚ ਪਾਣੀ ਦੀ ਕਮੀ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਸਬੰਧੀ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਖਹਿਰਾ ਨਾਲ ਗੱਲਬਾਤ ਕਰਦਿਆਂ ਪਿੰਡ ਨਿਵਾਸੀ ਪੰਨਾਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ ਮੁਆਫ਼ ਕਰਨ ਦਾ ਦਾਅਵਾ ਕਰ ਰਹੀ ਹੈ। ਤੀਸਰੇ ਪੜਾਅ ਵਿੱਚ ਪੰਜ ਏਕੜ ਜ਼ਮੀਨ ਦੀ ਮਾਲਕੀ ਵਾਲੇ ਕਰਜ਼ਦਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਕੋਲ ਇੱਕ ਏਕੜ ਜ਼ਮੀਨ ਹੈ, ਜਿਸ ਉੱਤੇ ਉਨ੍ਹਾਂ ਇੱਕ ਲੱਖ ਦਸ ਹਜ਼ਾਰ ਦਾ ਕਰਜ਼ਾ ਲਿਆ ਸੀ।
ਕਿਸਾਨ ਨੇ ਦੱਸਿਆ ਕਿ ਹੁਣ ਪਿੰਡ ਵਿੱਚ ਪਾਣੀ ਦੀ ਕਮੀ ਹੋਣ ਦੀ ਵਜ੍ਹਾ ਕਰਕੇ ਫਸਲ ਵੀ ਨਹੀਂ ਹੋਈ ਤੇ ਕੋਈ ਹੋਰ ਕੰਮ-ਕਾਜ ਦਾ ਜ਼ਰੀਆ ਨਾ ਹੋਣ ਕਾਰਨ ਉਹ ਕਰਜ਼ ਵੀ ਅਦਾ ਨਹੀਂ ਕਰ ਪਾ ਰਹੇ। ਅਜਿਹੇ ਵਿੱਚ ਸਰਕਾਰ ਦੇ ਦਾਅਵੇ ਦੇ ਮੁਤਾਬਕ ਹੁਣ ਤੱਕ ਉਨ੍ਹਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਉੱਧਰ ਬੈਂਕ ਦੇ ਵਕੀਲ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਡੀਸੀ ਮਨਪ੍ਰੀਤ ਸਿੰਘ ਨਾਲ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਤਕ ਜ਼ਿਲ੍ਹੇ ਵਿੱਚ ਲਗਪਗ ਪੰਝੀ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾ ਚੁੱਕਿਆ ਹੈ। ਇੱਕ ਏਕੜ ਜ਼ਮੀਨ ਵਾਲੇ ਕਿਸਾਨ ਦੇ ਕਰਜ਼ਮਾਫੀ ਨਾ ਹੋਣ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਲਈ ਵਿਸ਼ੇਸ਼ ਤੌਰ ’ਤੇ ਜਾਂਚ ਕਰਕੇ ਮਸਲਾ ਹੱਲ ਕੀਤਾ ਜਾਏਗਾ।