ਚੰਡੀਗੜ੍ਹ: ਪੰਜਾਬ ਦੇ ਕਿਸਾਨ ਹੁਣ ਪੋਲੀ ਹਾਊਸ ਤੇ ਨੈੱਟ ਹਾਊਸ ਲਾ ਕੇ ਫਾਇਦਾ ਚੁੱਕ ਰਹੇ ਹਨ। ਇਸ ਕੰਮ ਲਈ ਕਰਤਾਰਪੁਰ ਵਿੱਚ ਚੱਲ ਰਿਹਾ ‘ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲ’ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਸੈਂਟਰ ਕਾਰਨ ਸੂਬੇ ਦੇ ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 1200 ਤੋਂ ਵੱਧ ਪੋਲੀ ਹਾਊਸ ਤੇ ਨੈੱਟ ਹਾਊਸ ਲਾ ਚੱਕੇ ਹਨ। ਇਸ ਨਾਲ ਕਿਸਾਨ ਗੈਰ ਮੌਸਮੀ ਸਬਜ਼ੀ ਉਗਾ ਕੇ ਬਾਜ਼ਾਰ ਵਿੱਚੋਂ ਚੋਖੀ ਕਮਾਈ ਕਰ ਰਹੇ ਹਨ।

ਇਸ ਬਾਰੇ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਆਬਾਦੀ ਦੇ ਵਧਣ ਤੇ ਸ਼ਹਿਰੀਕਰਨ ਹੋਣ ਨਾਲ ਵਾਹੀਯੋਗ ਜ਼ਮੀਨ ਘੱਟ ਰਹੀ ਹੈ। ਇਸ ਕਾਰਨ ਖੇਤੀ ਕਰਨਾ ਲਾਹੇਵੰਦਾ ਨਹੀਂ ਰਿਹਾ। ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਰਨ ਲਈ ਪੋਲੀ ਹਾਊਸ ਤੇ ਨੈੱਟ ਹਾਊਸ ਵਰਗੀਆਂ ਵਿਦੇਸ਼ੀ ਤਕਨੀਕਾਂ ਨਾਲ ਜ਼ਮੀਨ ਤੋਂ ਉਪਰ ਵੱਲ (ਵਰਟੀਕਲ ਸਪੇਸ) ਜਗ੍ਹਾ ਦੀ ਵਰਤੋਂ ਕਰਕੇ ਘੱਟ ਜ਼ਮੀਨ ’ਤੇ ਬਿਹਤਰ ਕੁਆਲਟੀ ਦੀ ਕਈ ਗੁਣਾ ਪੈਦਾਵਾਰ ਲੈ ਕੇ ਕਿਸਾਨ ਮੁਨਾਫ਼ਾ ਕਮਾ ਸਕਦੇ ਹਨ। ਸੈਂਟਰ ਵੱਲੋਂ ਹਰ ਮਹੀਨੇ ਕਿਸਾਨਾਂ ਨੂੰ ਤਿੰਨ ਦਿਨ ਦੀ ਵਰਕਸ਼ਾਪ ਲਾ ਕੇ ਵਿਦੇਸ਼ੀ ਤਕਨੀਕ ਨਾਲ ਖੇਤੀ ਕਰਕੇ ਵੱਧ ਮੁਨਾਫ਼ਾ ਕਮਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

ਨੈੱਟ ਤੇ ਪੋਲੀ ਹਾਊਸ ਦਾ ਫਾਇਦਾ-

ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਇੱਕ ਕਨਾਲ ਦੇ ਨੈੱਟ ਤੇ ਪੋਲੀ ਹਾਊਸ ਵਿੱਚ ਤਕਰੀਬਨ 1200 ਸਬਜ਼ੀਆਂ ਦੇ ਬੂਟੇ ਲੱਗਦੇ ਹਨ। ਇਸ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਲਈ ਨੈੱਟ ਲਾਏ ਹੁੰਦੇ ਹਨ। ਸਬਜ਼ੀਆਂ ਨੂੰ ਬਾਹਰੀ ਕੀੜਿਆਂ ਦੇ ਹਮਲੇ ਦਾ ਬਚਾਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਨੈੱਟ ਤੇ ਪੋਲੀ ਹਾਊਸ ਵਿੱਚ ਸਬਜ਼ੀਆਂ ਦੀ ਖੇਤੀ ਕਰਨ ਨਾਲ ਪਾਣੀ ਦੀ ਬੱਚਤ ਹੋਣ ਦੇ ਨਾਲ-ਨਾਲ ਖਾਦਾਂ ਦੀ ਵੀ ਬਹੁਤ ਘੱਟ ਮਾਤਰਾ ਵਿੱਚ ਵਰਤੋਂ ਹੁੰਦੀ ਹੈ।

ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਸੁਰੱਖਿਅਤ ਖੇਤੀ ਲਈ ਨਵੇਂ ਬਦਲ ਵਜੋਂ ਉਸ ਨੂੰ ਅਪਣਾ ਕੇ ਮੁਨਾਫ਼ਾ ਕਮਾ ਰਹੇ ਹਨ। ਵਿਭਾਗ ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਦੱਸਿਆ ਕਿ 500 ਤੋਂ ਵੱਧ ਕਿਸਾਨਾਂ ਨੂੰ ਵਿਸ਼ੇਸ਼ ਤਕਨੀਕ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।