ਚੰਡੀਗੜ੍ਹ, 6 ਨਵੰਬਰ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾ ਸਿਰਫ ਬਾਇਓ ਊਰਜਾ ਪ੍ਰਾਜੈਕਟ ਲਗਾਉਣ ਵਿਚ ਫੇਲ੍ਹ ਸਾਬਤ ਹੋਏ ਜਿਥੇ ਕਿ ਪਰਾਲੀ ਨੂੰ ਕੱਚੇ ਮਾਲ ਵਜੋਂ ਵਰਤਿਆ ਜਾ ਸਕਦਾ ਸੀ ਬਲਕਿ ਪਰਾਲੀ ਦੀ ਸੰਭਾਲ ਲਈ ਕੇਂਦਰ ਸਰਕਾਰ ਤੋਂ ਮਿਲੇ ਫੰਡਾਂ ਦੀ ਵੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰ ਸਕੇ।


ਬਠਿੰਡਾ ਦੇ ਐਮ ਪੀ  ਪੰਜਾਬ ਯੂਨੀਵਰਸਿਟੀ ਵਿਚ ਨੈਸ਼ਨਲ ਲਾਅ ਫੈਸਟ ਦੌਰਾਨ ਜੁਡੀਸ਼ੀਅਲ ਜਿਵ ਪ੍ਰੋਗਰਾਮ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ।


ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੱਤਾ ਵਿਚ ਆਉਦ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਆਪ ਅਜਿਹੇ ਹਾਲਾਤ ਬਣਾਏਗੀ ਕਿ ਕੰਪਨੀਆਂ ਕਿਸਾਨਾਂ ਦੇ ਖੇਤਾਂ ਵਿਚ ਆ ਕੇ ਆਪਣੇ ਖਰਚੇ ’ਤੇ ਪਰਾਲੀ ਇਕੱਠੀ ਕਰਿਆ ਕਰਨਗੀਆਂ ਅਤੇ ਪਰਾਲੀ ਦੇ ਪੈਸੇ ਵੀ ਦੇਣਗੀਆਂ।


ਉਹਨਾਂ ਕਿਹਾ ਕਿ ਇਹ ਇਕ ਸੁਫਨਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਸਰਕਾਰ ਪਰਾਲੀ ਦੀ ਸੰਭਾਲ ’ਤੇ ਹੁੰਦੇ ਖਰਚ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਵੀ ਨਾਕਾਮ ਸਾਬਤ ਹੋਈ ਹੈ।


ਬਾਦਲ ਨੇ ਕਿਹਾ ਕਿ ਆਪ ਨੇ ਇਹ ਕਹਿ ਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਵੱਲ ਖਿੱਚਿਆ ਸੀ ਕਿ ਇਸਨੇ ਦਿੱਲੀ ਵਿਚ ਅਜਿਹੀ ਕੈਮੀਕਲ ਤਿਆਰ ਕੀਤਾ ਹੈ ਜੋ ਪਰਾਲੀ ਨੂੰ ਕਿਸਾਨਾਂ ਦੇ ਖੇਤਾਂ ਵਿਚ ਹੀ ਖੋਰ ਦੇਵੇਗਾ ਤੇ ਇਹ ਪਰਾਲੀ ਸੰਭਾਲ ਵਾਸਤੇ ਸਭ ਤੋਂ ਚੰਗਾ ਹੱਲ ਹੈ। ਉਹਨਾਂ ਕਿਹਾ ਕਿ ਕਿਸਾਨ ਹਾਲੇ ਵੀ ਇਸ ਕੈਮੀਕਲ ਦੀ ਉਡੀਕ ਕਰ ਰਹੇ ਹਨ।


ਬਾਦਲ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਕੇਂਦਰ ਸਰਕਾਰ ਵੱਲੋਂ ਭੇਜੀ ਗ੍ਰਾਂਟ ਵੰਡਣ ਵਿਚ ਵੀ ਨਾਕਾਮ ਰਹੀ ਹੈ ਤੇ ਉਹ ਪੈਸਾ ਇਸਨੇ ਆਪਣੇ ਪ੍ਰਾਪੇਗੰਡੇ ’ਤੇ ਖਰਚ ਕਰ ਲਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਕਿਵੇਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ ਲੋੜੀਂਦੀਆਂ ਮਸ਼ੀਨਾਂ ਵੰਡਣ ਵਿਚ ਵੀ ਨਾਕਾਮ ਸਾਬਤ ਹੋਈ ਹੈ।


ਬਾਦਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਜੋੜਨ ਲਈ ਬੰਨ ਵਜੋਂ ਕੰਮ ਕਰਨਗੇ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਮਸ਼ੀਨਰੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ ਅਤੇ ਪਿਛਲੇ ਡੇਢ ਸਾਲਾਂ ਵਿਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸੂਬੇ ਨੂੰ ਵਿੱਤੀ ਸੰਕਟ ਵਿਚ ਧੱਕ ਰਹੀ ਹੈ।


ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤੇ ਨਸ਼ਾ ਤਸਕਰੀ ਵਿਚ ਸਰਗਰਮੀ ਨਾਲ ਸ਼ਾਮਲ ਹਨ।


ਇਸ ਤੋਂ ਪਹਿਲਾਂ ਜੁਡੀਸ਼ੀਅਲ ਜਿਵ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਪ੍ਰੋਗਰਾਮ ਨਿਆਂ ਦਾ ਜਸ਼ਨ ਮਨਾਉਣ ਦਾ ਪ੍ਰੋਗਰਾਮ ਹੈ ਜਿਸਨੇ ਕਾਨੂੰਨੀ ਮਾਹਿਰਾਂ ਨੂੰ ਆਪਣੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕਰਨ ਦਾ ਮੰਚ ਪ੍ਰਦਾਨ ਕੀਤਾ ਹੈ।


ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੰਵਿਧਾਨ ਵਿਚ ਅੰਕਿਤ ਕਦਰਾਂ ਕੀਮਤਾਂ ਪ੍ਰਤੀ ਸੱਚੇ ਹੋਣ ਜ਼ੋਰ ਦੇ ਕੇ ਕਿਹਾ ਕਿ ਤੁਹਾਡੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਹੈ ਤੇ ਤੁਸੀਂ ਝੂਠ ਤੇ ਜਾਅਲੀਪੁਣੇ ਦੇ ਮੁਕਾਬਲੇ ਵਿਚ ਸੱਚ ਨਾਲ ਡੱਟ ਕੇ ਖੜ੍ਹੇ ਹੋਣਾ ਹੈ।


ਉਹਨਾਂ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਮਹਾਂਮਾਰੀ ਤੋਂ ਬਾਅਦ ਆਰਥਿਕ ਪੁਨਰਸੁਰਜੀਤੀ, ਇਕ ਦੇਸ਼ ਇਕ ਚੋਣ ਤੇ ਮਨੁੱਖੀ ਤਸਕਰੀ ਵਿਸ਼ਿਆਂ ’ਤੇ ਇਸ ਮੰਚ ’ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।