ਚੰਡੀਗੜ੍ਹ: ਕੈਪਟਨ ਦੇ ਪੋਸਟਰ ਕਿਸਾਨ ਬੁੱਧ ਸਿੰਘ ਦੀ ਕਾਂਗਰਸ ਦੇ ਬਲਾਕ ਪ੍ਰਧਾਨ ਦੇ ਮੁੰਡੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਇਸ ਮਾਮਲੇ ਵਿੱਚ ਅਕਾਲੀ ਦਲ ਨੇ ਬੁੱਧ ਸਿੰਘ ਨੂੰ ਨਾਲ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਮਾਮਲਾ ਸ਼ਨੀਵਾਰ ਦਾ ਹੈ ਜਦੋਂ ਕਿਸਾਨ ਬੁੱਧ ਸਿੰਘ ਰਾਹ ਵਿੱਚ ਜਾ ਰਹੇ ਸੀ। ਕਾਂਗਰਸ ਦੇ ਸਰਕਲ ਪ੍ਰਧਾਨ ਹਰਦੇਵ ਸਿੰਘ ਭਵਰਾ ਨੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਪਿੱਛੋਂ ਪੁਲਿਸ ਬੁੱਧ ਸਿੰਘ 'ਤੇ ਰਾਜੀਨਾਮਾ ਕਰਾਉਣ ਦਾ ਦਬਾਅ ਪਾ ਰਹੀ ਸੀ।


ਦਰਅਸਲ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਨੇ ਪਿੰਡ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਤੇ ਕੁਰਕੀ ਮੁਆਫ਼ ਕਰਨ ਦਾ ਫਾਰਮ ਭਰਿਆ ਸੀ। ਕੈਪਟਨ ਨੇ ਬੁੱਧ ਸਿੰਘ ਨੂੰ ਬਰਾਂਡ ਅੰਬੈਸਡਰ ਬਣਾ ਕੇ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਪੋਸਟਰ 'ਤੇ ਬੁੱਧ ਸਿੰਘ ਦੀ ਫੋਟੋ ਛਪਵਾਈ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਬੁੱਧ ਸਿੰਘ ਦਾ ਖ਼ੁਦ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਇਸ ਮਗਰੋਂ ਅਕਾਲੀ ਦਲ ਨੇ ਕਿਸਾਨ ਦਾ ਕਰਜ਼ਾ ਮੁਆਫ਼ ਕਰਵਾਇਆ ਸੀ।

ਇਸ ਘਟਨਾ ਕਰਕੇ ਕੈਪਟਨ ਸਰਕਾਰ ਦੀ ਕਾਫੀ ਖਿੱਲੀ ਉੱਡੀ ਸੀ। ਹੁਣ ਬੁੱਧ ਸਿੰਘ ਨੇ ਇਲਜ਼ਾਮ ਲਾਏ ਹਨ ਕਿ ਇਸੇ ਰੰਜ਼ਿਸ ਕਰਕੇ ਹੀ ਡੇਰਾ ਬਾਬਾ ਨਾਨਕ ਹਲਕੇ ਦੇ ਕਾਂਗਰਸ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਭਵਰਾ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ। ਬੁੱਧ ਸਿੰਘ ਨੇ ਦੱਸਿਆ ਕਿ ਜਦੋਂ ਉਸ ਨਾਲ ਕੁੱਟਮਾਰ ਹੋ ਰਹੀ ਸੀ ਤਾਂ ਸਿਵਲ ਕੱਪੜਿਆਂ ਵਿੱਚ ਬਟਾਲਾ ਪੁਲਿਸ ਦੇ ਸਬ ਇੰਸਪੈਕਟਰ ਰਾਹ ਵਿੱਚੋਂ ਗੁਜ਼ਰ ਰਹੇ ਸਨ।

ਬੁੱਧ ਸਿੰਘ ਨੇ ਦੱਸਿਆ ਕਿ ਜਦੋਂ ਸਬ ਇੰਸਪੈਕਟਰ ਨੇ ਉਨ੍ਹਾਂ ਨਾਲ ਕੁੱਟਮਾਰ ਹੁੰਦੀ ਵੇਖੀ ਤਾਂ ਉਹ ਬੁੱਧ ਸਿੰਘ ਨੂੰ ਛੁਡਾਉਣ ਆਏ ਪਰ ਹਮਲਾਵਰਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਬਾਅਦ ਵਿੱਚ ਥਾਣਾ ਕੋਟਲੀ ਸੂਰਤ ਮੱਲੀ ਪੁਲਿਸ ਨੇ ਜ਼ਬਰਦਸਤੀ ਕਿਸਾਨ ਨੂੰ ਥਾਣੇ ਵਿੱਚ ਬਿਠਾਈ ਰੱਖਿਆ ਤੇ ਰਾਜੀਨਾਵਾਂ ਕਰਨ ਦਾ ਦਬਾਅ ਬਣਾਇਆ। ਧਮਕੀਆਂ ਵੀ ਦਿੱਤੀਆਂ। ਕਿਸਾਨ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।