ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਸਾਉਣੀ ਦੇ ਸੀਜ਼ਨ ਦੌਰਾਨ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਝੋਨੇ ਤੇ ਹੋਰ ਫਸਲਾਂ ਦੀ ਬਿਜਾਈ ਲਈ ਵੱਧ ਪੈਸਾ ਖਰਚ ਕਰਨਾ ਪਵੇਗਾ, ਕਿਉਂਕਿ ਖਾਦਾਂ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਡਾਈਮੋਨਿਅਮ ਫਾਸਫੇਟ (ਡੀਏਪੀ) ਤੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ (ਐਨਪੀਕੇ) ਜਿਹੀਆਂ ਖਾਦਾਂ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ, ਜਿਸ ਦਾ ਅਸਰ ਖੇਤੀ 'ਤੇ ਪੈਣਾ ਸੁਭਾਵਿਕ ਹੈ।

ਇਨ੍ਹਾਂ ਖਾਦਾਂ ਦੀਆਂ ਕੀਮਤਾਂ ਬਾਜ਼ਾਰ 'ਚ 50 ਫ਼ੀਸਦੀ ਤੋਂ ਜ਼ਿਆਦਾ ਵੱਧ ਗਈਆਂ ਹਨ। ਡੀਏਪੀ ਦੇ 50 ਕਿਲੋਗ੍ਰਾਮ ਬੈਗ ਦੀ ਕੀਮਤ 1200 ਰੁਪਏ ਤੋਂ ਵੱਧ ਕੇ 1900 ਰੁਪਏ (58 ਫ਼ੀਸਦੀ ਤਕ) 'ਤੇ ਪਹੁੰਚ ਗਈ ਹੈ, ਜਦਕਿ ਐਨਪੀਕੇ ਦੀ ਕੀਮਤ 1000-1100 ਰੁਪਏ ਤੋਂ ਵੱਧ ਕੇ 1500-1800 ਰੁਪਏ (46-55 ਫ਼ੀਸਦੀ) ਪ੍ਰਤੀ ਥੈਲਾ ਹੋ ਗਈ ਹੈ। ਇਹ ਦੋਵੇਂ ਖਾਦ ਝੋਨੇ ਤੇ ਮੱਕੀ ਦੀ ਖੇਤੀ 'ਚ ਕਾਫ਼ੀ ਮਾਤਰਾ 'ਚ ਵਰਤੀਆਂ ਜਾਂਦੀਆਂ ਹਨ।

ਕੀਮਤਾਂ 'ਚ ਭਾਰੀ ਵਾਧੇ ਦਾ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਮਾਲ ਦੀਆਂ ਅਸਮਾਨੀ ਕੀਮਤਾਂ ਹਨ। ਇਸ ਕੱਚੇ ਮਾਲ (ਫ਼ਾਸਫ਼ੋਰਿਕ ਐਸਿਡ ਤੇ ਅਮੋਨੀਆ) 'ਚ ਇੱਕ ਕੋਵਿਡ-ਪ੍ਰੇਰਿਤ ਗਲੋਬਲ ਮੰਗ-ਸਪਲਾਈ ਦੇ ਪਾੜੇ ਕਰਕੇ ਹੋਇਆ ਹੈ। ਨਵੰਬਰ ਤੋਂ ਹੁਣ ਤਕ ਕੀਮਤਾਂ 'ਚ 200 ਡਾਲਰ ਪ੍ਰਤੀ ਟਨ ਦਾ ਵਾਧਾ ਹੋਇਆ ਹੈ।

ਹਾਲਾਂਕਿ ਸਹਿਕਾਰੀ ਸਭਾਵਾਂ ਤੋਂ ਇਹ ਖਾਦ ਖਰੀਦਣ ਵਾਲੇ ਕਿਸਾਨਾਂ ਨੂੰ ਇਹ ਘੱਟ ਕੀਮਤਾਂ (ਡੀਏਪੀ ਲਈ 1275 ਰੁਪਏ ਪ੍ਰਤੀ ਬੈਗ) 'ਤੇ ਮਿਲਦੇ ਹਨ, ਬਾਕੀਆਂ ਨੂੰ  ਬਾਜ਼ਾਰ ਦੀਆਂ ਦਰਾਂ 'ਤੇ ਖਰੀਦਣਾ ਪਵੇਗਾ।

ਮਾਰਕਫੈਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਤੌਰ 'ਤੇ ਨਵੰਬਰ-ਦਸੰਬਰ 'ਚ ਪੌਸ਼ਟਿਕ ਤੱਤਾਂ ਦੀ ਅਗਾਊਂ ਸਪਲਾਈ ਮਿਲਦੀ ਹੈ ਤੇ ਸਪਲਾਈ ਡੀਏਪੀ ਦੇ ਪ੍ਰਤੀ ਥੈਲਾ 1300 ਰੁਪਏ ਦੀ ਪੁਰਾਣੀ ਦਰ 'ਤੇ ਹੁੰਦੀ ਹੈ। ਸੀਨੀਅਰ ਅਧਿਕਾਰੀ ਨੇ ਕਿਹਾ, "ਪਹਿਲਾਂ ਪ੍ਰਤੀ ਟਨ 10,400 ਰੁਪਏ ਦੀ ਸਬਸਿਡੀ ਮਿਲਣ ਤੋਂ ਬਾਅਦ ਡੀਏਪੀ ਨੂੰ ਸਪਲਾਈ ਕਰਨ ਵਾਲਿਆਂ ਨੂੰ 24,000 ਰੁਪਏ ਪ੍ਰਤੀ ਟਨ ਖਰਚ ਕਰਨਾ ਪੈਂਦਾ ਸੀ। ਕੀਮਤਾਂ ਵਧਣ ਨਾਲ ਹੁਣ ਪ੍ਰਤੀ ਟਨ 38,000 ਰੁਪਏ ਖਰਚਾ ਆਵੇਗਾ ਤੇ ਇਸ ਵਾਧੇ ਦਾ ਅਸਰ ਕਿਸਾਨਾਂ 'ਤੇ ਵੀ ਪਵੇਗਾ। ਸਹਿਕਾਰੀ ਸਭਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕੋਲ ਉਪਲੱਬਧ ਸਟਾਕ ਨੂੰ ਪੁਰਾਣੀ ਕੀਮਤ 'ਤੇ ਵੇਚਣ।"

ਡਾਇਰੈਕਟਰ ਖੇਤੀਬਾੜੀ ਪੰਜਾਬ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਉਣੀ ਦੇ ਮਾਰਕੀਟਿੰਗ ਸੀਜ਼ਨ ਲਈ ਡੀਏਪੀ ਦੀ ਮੰਗ 2.25 ਲੱਖ ਟਨ ਸੀ। ਉਨ੍ਹਾਂ ਕਿਹਾ, "ਸਾਡੇ ਕੋਲ ਪਹਿਲਾਂ ਹੀ 1.10 ਲੱਖ ਟਨ ਦਾ ਭੰਡਾਰ ਹੈ ਤੇ ਬਾਕੀ ਸਟਾਕ ਵੀ ਵੱਧ ਕੀਮਤ ਉੱਤੇ ਉਪਲੱਬਧ ਹੋਵੇਗਾ।"

ਕਿਸਾਨਾਂ ਦੀ ਸ਼ਿਕਾਇਤ ਹੈ ਕਿ ਬਹੁਤ ਸਾਰੇ ਕਿਸਾਨਾਂ ਨੂੰ ਖੁੱਲ੍ਹੇ ਬਾਜ਼ਾਰ ਤੋਂ ਖਾਦ ਤੇ ਪੌਸ਼ਟਿਕ ਤੱਤ ਖਰੀਦਣੇ ਪੈਂਦੇ ਹਨ, ਕਿਉਂਕਿ ਸਹਿਕਾਰੀ ਸਭਾਵਾਂ ਰਾਹੀਂ ਸਪਲਾਈ 'ਚ ਅਕਸਰ 'ਸਿਆਸੀਕਰਨ' ਕੀਤਾ ਜਾਂਦਾ ਹੈ ਤੇ ਸੁਸਾਇਟੀਆਂ ਪਹਿਲਾਂ ਹੀ ਆਪਣੇ ਘੱਟ ਮੁੱਲ ਵਾਲੇ ਸਟਾਕਾਂ ਨੂੰ ਖਤਮ ਕਰ ਦਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਕਮ ਧਿਰ ਦੇ ਵਫ਼ਾਦਾਰ ਇਸ ਨੂੰ ਸੁਸਾਇਟੀਆਂ ਤੋਂ ਪ੍ਰਾਪਤ ਕਰਦੇ ਹਨ, ਜਦਕਿ ਬਾਕੀ ਲੋਕਾਂ ਨੂੰ ਇਸ ਨੂੰ ਬਾਜ਼ਾਰ ਤੋਂ ਖਰੀਦਣਾ ਪੈਂਦਾ ਹੈ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ