ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਖਾਦ ਦੇ ਇੱਕ ਥੈਲੇ ਪਿੱਛੇ 25 ਰੁਪਏ ਦਾ ਰਗੜਾ ਲੱਗ ਰਿਹਾ ਹੈ। ਪੇਂਡੂ ਸਹਿਕਾਰੀ ਸਭਾਵਾਂ ’ਚੋਂ ਕਿਸਾਨਾਂ ਨੂੰ ਐਤਕੀਂ ਡੀਏਪੀ ਖਾਦ ਪ੍ਰਤੀ ਥੈਲਾ (50 ਕਿਲੋ) 1035 ਰੁਪਏ ਦਿੱਤੀ ਜਾ ਰਹੀ ਹੈ, ਜਦੋਂਕਿ ਮਾਰਕੀਟ ਵਿੱਚ ਇਹੋ ਡੀਏਪੀ ਖਾਦ 1010 ਰੁਪਏ ਪ੍ਰਤੀ ਥੈਲਾ ਮਿਲ ਰਹੀ ਹੈ। ਇੰਨਾ ਹੀ ਨਹੀਂ ਹਾਲਤ ਇਹ ਹੈ ਕਿਸਹਿਕਾਰੀ ਸਭਾਵਾਂ ਵਿੱਚ ਲਿਮਟ ਬਣੀ ਹੋਣ ਕਰਕੇ ਕਿਸਾਨਾਂ ਨੂੰ ਮਜਬੂਰੀ ਵਿੱਚ ਮਹਿੰਗੀ ਖਾਦ ਲੈਣੀ ਪੈ ਰਹੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਰੀਬ 3200 ਪੇਂਡੂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਨੂੰ 65 ਫ਼ੀਸਦੀ ਖਾਦ ਮਾਰਕਫੈੱਡ ਅਤੇ 35 ਫ਼ੀਸਦੀ ਖਾਦ ਇਫਕੋ ਵੱਲੋਂ ਸਪਲਾਈ ਕੀਤੀ ਜਾਂਦੀ ਹੈ। ਮਾਰਕਫੈੱਡ ਵੱਲੋਂ ਪੇਂਡੂ ਸਹਿਕਾਰੀ ਸਭਾਵਾਂ ਨੂੰ 1017 ਰੁਪਏ ਅਤੇ ਇਫਕੋ ਵਲੋਂ ਸਭਾਵਾਂ ਨੂੰ 1011 ਰੁਪਏ ਪ੍ਰਤੀ ਥੈਲਾ ਖਾਦ ਸਪਲਾਈ ਕੀਤੀ ਜਾਂਦੀ ਹੈ। ਅੱਗੇ ਸਭਾਵਾਂ ਮੁਨਾਫ਼ਾ ਸ਼ਾਮਲ ਕਰਕੇ 1035 ਰੁਪਏ ਪ੍ਰਤੀ ਥੈਲਾ ਖਾਦ ਵੇਚ ਰਹੀਆਂ ਹਨ। ਇੱਕ ਪ੍ਰਾਈਵੇਟ ਖਾਦ ਡੀਲਰ ਨੇ ਦੱਸਿਆ ਕਿ ਮਾਰਕੀਟ ਵਿੱਚ 1010 ਤੋਂ 1025 ਰੁਪਏ ਪ੍ਰਤੀ ਥੈਲਾ ਡੀਏਪੀ ਦਾ ਰੇਟ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੀਨੀਅਰ ਆਗੂ ਗੁਰਦੀਪ ਸਿੰਘ ਰਾਮਪੁਰਾ ਦਾ ਕਹਿਣਾ ਹੈ ਕਿ ਸਹਿਕਾਰੀ ਅਦਾਰੇ ਮਾਰਕੀਟ ਨਾਲੋਂ ਮਹਿੰਗੀ ਡੀਏਪੀ ਖਾਦ ਵੇਚ ਕੇ ਕਿਸਾਨਾਂ ਦੀ ‘ਸੇਵਾ’ ਕਰ ਰਹੇ ਹਨ ਤੇ ਸਰਕਾਰ ਨੂੰ ਇਸ ਬਾਰੇ ਗੌਰ ਕਰਨੀ ਚਾਹੀਦੀ ਹੈ।

ਪੇਂਡੂ ਸਹਿਕਾਰੀ ਸਭਾ ਮੁਲਾਜ਼ਮ ਯੂਨੀਅਨ ਦੇ ਡਿਵੀਜ਼ਨਲ ਪ੍ਰਧਾਨ ਜਸਕਰਨ ਸਿੰਘ ਅਤੇ ਸੂਬਾ ਆਗੂ ਮੁਰਾਰੀ ਲਾਲ ਦਾ ਕਹਿਣਾ ਸੀ ਕਿ ਖਾਦ ਮਹਿੰਗੀ ਹੋਣ ਕਰਕੇ ਕਿਸਾਨ ਸਭਾਵਾਂ ਦੇ ਮੁਲਾਜ਼ਮਾਂ ਨਾਲ ਝਗੜ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਕਿਸਾਨਾਂ ਦੀ ਸਿੱਧੀ ਲੁੱਟ ਹੈ ਤੇ ਸਰਕਾਰ ਨੂੰ ਫੌਰੀ ਬਾਜ਼ਾਰ ਦੇ ਬਰਾਬਰ ਭਾਅ ਕਰਨਾ ਚਾਹੀਦਾ ਹੈ।

ਮਾਰਕਫੈੱਡ ਦੇ ਐਮਡੀ ਗੁਰਕੀਰਤ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਡੀਏਪੀ ਦੀ ਕੀਮਤ 1085 ਰੁਪਏ ਸੀ, ਜਿਸ ਨੂੰ ਸੋਧ ਕੇ ਭਾਅ 1035 ਰੁਪਏ ਕਰ ਦਿੱਤਾ ਗਿਆ ਹੈ। ਮਾਰਕਫੈੱਡ ਵੱਲੋਂ 1017 ਰੁਪਏ ਪ੍ਰਤੀ ਥੈਲੇ ਦੇ ਹਿਸਾਬ ਨਾਲ ਡੀਏਪੀ ਸਪਲਾਈ ਕੀਤੀ ਗਈ ਹੈ। ਇਹ ਭਾਅ ਤਕਰੀਬਨ ਬਾਜ਼ਾਰ ਦੇ ਬਰਾਬਰ ਹੀ ਹੈ। ਪੇਂਡੂ ਸਭਾਵਾਂ ਦਾ ਥੋੜਾ ਮਾਰਜਨ ਹੁੰਦਾ ਹੈ। ਇਸ ਕਰਕੇ ਭਾਅ ਜ਼ਿਆਦਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੱਕ ਮਾਰਕਫੈੱਡ ਵੱਲੋਂ ਸਾਰੀ ਸਪਲਾਈ ਸਭਾਵਾਂ ਨੂੰ ਦੇ ਦਿੱਤੀ ਜਾਵੇਗੀ।