ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਅਗਲੇ ਸਮੇਂ ਵਿੱਚ ਤਿੱਖਾ ਮੋੜ ਲੈ ਰਿਹਾ ਹੈ। ਮੋਦੀ ਸਰਕਾਰ ਦੇ ਰਵੱਈਏ ਤੋਂ ਕਿਸਾਨ ਖਫਾ ਹਨ ਤੇ ਇਸ ਲਈ ਹੁਣ ਆਰਪਾਰ ਦੀ ਲੜਾਈ ਲਈ ਰਣਨੀਤੀ ਬਣਾਈ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਐਲਾਨ ਤੋਂ ਲਾਇਆ ਜਾ ਸਕਦਾ ਹੈ।
ਟਿਕੈਤ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਕਿਉਂਕਿ ‘ਦਿੱਲੀ ਮਾਰਚ’ ਦਾ ਸੱਦਾ ਕਦੇ ਵੀ ਦਿੱਤਾ ਜਾ ਸਕਦਾ ਹੈ। ਟਿਕੈਤ ਦੇ ਇਸ ਐਲਾਨ ਤੋਂ ਸਪਸ਼ਟ ਹੈ ਕਿ ਕਿਸਾਨ ਅੰਦੋਲਨ ਹੁਣ ਆਰਪਾਰ ਦੀ ਲੜਾਈ ਵੱਲ ਵਧ ਰਿਹਾ ਹੈ।
ਦੱਸ ਦਈਏ ਕਿ 26 ਜਨਵਰੀ ਨੂੰ ਲਾਲ ਕਿਲਾ ਕਾਂਡ ਮਗਰੋਂ ਕਿਸਾਨ ਬੈਕਫੁੱਟ 'ਤੇ ਨਜ਼ਰ ਆ ਰਹੇ ਸੀ। ਇਸ ਮਗਰੋਂ ਕਿਸਾਨ ਲੀਡਰਾਂ ਨੇ ਕੋਈ ਤਿੱਖੇ ਐਕਸ਼ਨ ਦਾ ਐਲਾਨ ਨਹੀਂ ਕੀਤਾ ਸੀ। ਕਿਸਾਨਾਂ ਨੇ ਮਹਾਪੰਚਾਇਤਾਂ ਜ਼ਰੀਏ ਲੋਕਾਂ ਨੂੰ ਲਾਮਬੰਦ ਕਰਨ ਦੀ ਰਣਨੀਤੀ ਅਪਣਾਈ। ਹੁਣ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ 28 ਫਰਵਰੀ ਨੂੰ ਅੰਦੋਲਨ ਤੀਜੇ ਫੇਜ਼ ਵਿੱਚ ਸ਼ਾਮਲ ਹੋਏਗਾ। ਭਾਵ ਤਿੱਖੇ ਐਕਸ਼ਨ ਕੀਤੇ ਜਾਣਗੇ।
ਇਸੇ ਰਣਨੀਤੀ ਤਹਿਤ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸੀਕਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਸੰਸਦ ਘਿਰਾਓ ਦਾ ਸੱਦਾ ਦਿੱਤਾ ਜਾਵੇਗਾ। ਇਸ ਦਾ ਐਲਾਨ ਕੀਤਾ ਜਾਵੇਗਾ ਤੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ।
ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਵਾਰ ਚਾਰ ਲੱਖ ਟਰੈਕਟਰਾਂ ਦੀ ਥਾਂ 40 ਲੱਖ ਟਰੈਕਟਰ ਹੋਣਗੇ। ਟਿਕੈਤ ਨੇ ਕਿਹਾ ਕਿ ਕਿਸਾਨ ‘ਇੰਡੀਆ ਗੇਟ’ ਨੇੜੇ ਪਾਰਕਾਂ ਨੂੰ ਵਾਹ ਦੇਣਗੇ ਤੇ ਉੱਥੇ ਫ਼ਸਲਾਂ ਉਗਾਉਣਗੇ। ਉਨ੍ਹਾਂ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸੰਸਦ ਘਿਰਾਓ ਦੀ ਤਰੀਕ ਬਾਰੇ ਫ਼ੈਸਲਾ ਲੈਣਗੇ।