ਚੰਡੀਗੜ੍ਹ: ਪੰਜਾਬ ਦੇ ਡੇਢ ਲੱਖ ਕਿਸਾਨਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਪੰਜਾਬ ਦੇ ਗਵਰਨਰ ਰਾਹੀਂ ਰਾਸ਼ਟਰਪਤੀ ਤੱਕ ਪਹੁੰਚਦਾ ਕਰਨ ਲਈ ਮੁਹਾਲੀ ਵਿੱਚ ਰੋਸ ਮਾਰਚ ਕੀਤਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹਜ਼ਾਰਾਂ ਕਿਸਾਨਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤੋਂ ਇਨ੍ਹਾਂ ਚਿੱਠੀਆਂ ਦੇ ਭਰੇ ਦੋ ਬੈਲ ਗੱਡੇ ਲੈ ਕੇ ਪੰਜਾਬ ਰਾਜ ਭਵਨ ਵੱਲ ਮਾਰਚ ਕੀਤਾ। ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ-ਮੋਹਾਲੀ ਹੱਦ ਉੱਤੇ ਹੀ ਇਨ੍ਹਾਂ ਕਿਸਾਨਾਂ ਨੂੰ ਰੋਕ ਲਿਆ ਜਿੱਥੇ ਪ੍ਰਸ਼ਾਸਨ ਨੇ ਇਨ੍ਹਾਂ ਚਿੱਠੀਆਂ ਨੂੰ ਪੰਜਾਬ ਦੇ ਰਾਜਪਾਲ ਤੱਕ ਪਹੁੰਚਦਾ ਕਰਨ ਲਈ ਸਰਕਾਰੀ ਗੱਡੀਆਂ ਵਿੱਚ ਭਰਿਆ ਗਿਆ।

 

ਚੰਡੀਗੜ੍ਹ ਮੁਹਾਲੀ ਹੱਦ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਦੱਸ ਲੱਖ ਕਿਸਾਨਾਂ ਨੇ ਰਾਸ਼ਟਰਪਤੀ ਤੋਂ ਪੁੱਛਿਆ ਹੈ ਕਿ ਉਹ ਤੇ ਉਨ੍ਹਾਂ ਦੀ ਮੋਦੀ ਸਰਕਾਰ ਕੀ ਕਿਸਾਨਾਂ ਨੂੰ ਆਜ਼ਾਦ ਭਾਰਤ ਦੇ ਸ਼ਹਿਰੀ ਵੀ ਮੰਨਦੀ ਹੈ ਜਾਂ ਉਨ੍ਹਾਂ ਨੂੰ ਦਾਣੇ ਬਣਾਉਣ ਵਾਲੇ ਸੰਦ ਅਰਥਾਤ ਮਾਡਰਨ ਗੁਲਾਮ?



ਉਨ੍ਹਾਂ ਪੁੱਛਿਆ ਹੈ ਕਿ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਨੂੰ 10 ਸਾਲਾਂ ਵਿੱਚ 42 ਲੱਖ ਕਰੋੜ ਰੁਪਏ ਦੀਆਂ ਰਿਆਇਤਾਂ ਦੇ ਸਕਦੀ ਹੈ, ਉਸ ਨੂੰ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਦੇ ਕਰਜ਼ੇ ਉੱਤੇ ਲਕੀਰ ਫੇਰਨ ਵਿੱਚ ਕੀ ਮੁਸ਼ਕਲ ਹੈ? ਉਨ੍ਹਾਂ ਪੁੱਛਿਆ ਹੈ ਕਿ ਉਨ੍ਹਾਂ ਦੀ ਸਰਕਾਰ ਕੋਲ ਬੇਰੁਜ਼ਗਾਰੀ ਦਾ ਕੀ ਹੱਲ ਹੈ? ਸਰਕਾਰ ਖੇਤੀ ਜਿਣਸਾਂ ਦੇ ਭਾਅ ਮਿੱਥਣੇ ਕਿਉਂ ਬੰਦ ਕਰ ਰਹੀ ਹੈ? ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਖੇਤੀ ਜਿਣਸਾਂ ਦੀ ਖਰੀਦ ਬੰਦ ਕਰਨ ਲਈ ਕਿਸਾਨਾਂ ਦੇ ਹੱਥ ਪੈਰ ਬੰਨ੍ਹ ਕੇ ਕਾਰਪੋਰੇਟ ਘਰਾਣਿਆਂ ਅੱਗੇ ਕਿਉਂ ਸੁੱਟ ਰਹੀ ਹੈ?

 

ਕਿਸਾਨ ਆਗੂ ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਝੂਠਾ ਵਾਅਦਾ ਕਰਕੇ ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਤੋਂ ਕਿਉਂ ਭੱਜੀ? ਡੇਅਰੀ ਤੇ ਮੱਛੀ ਪਾਲਣ ਖੇਤਰ ਵਿਚ 100 ਪ੍ਰਤੀਸ਼ਤ ਵਿਦੇਸ਼ੀ ਪੂੰਜੀ ਨਿਵੇਸ਼ ਦੀ ਆਗਿਆ ਦੇ ਕੇ ਕਿਸਾਨਾਂ ਦੇ ਸਹਾਇਕ ਧੰਦਿਆਂ ਦਾ ਘਾਣ ਪਾਉਣ ਉੱਤੇ ਕਿਉਂ ਤੁਲੀ ਹੋਈ ਹੈ? ਫ਼ਸਲੀ ਬੀਮਾਂ ਯੋਜਨਾ ਕਿਸਾਨ ਵਿਰੋਧੀ ਬਣਾ ਕੇ, ਨਿੰਮ ਕੋਟਿਡ ਯੂਰੀਆ ਤੇ ਮਿੱਟੀ ਦੇ ਸਿਹਤ ਕਾਰਡਾਂ ਦਾ ਡਰਾਮਾ ਕਰਕੇ ਕਿਸਾਨਾਂ ਨੂੰ ਮੂਰਖ ਕਿਉਂ ਬਣਾ ਰਹੀ ਹੈ?



 

 

ਕਿਸਾਨ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਕਿਸਾਨਾਂ ਦੇ ਖਿਲ਼ਾਫ ਹੈ ਹੀ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਹਿਤੈਸ਼ੀ ਦਾ ਬੁਰਕਾ ਪਾਇਆ ਹੋਇਆ ਹੈ। ਬਾਦਲ ਪਿਛਲੇ ਨੌਂ ਸਾਲਾਂ ਤੋਂ ਕਿਸਾਨਾਂ ਨੂੰ ਮੁਰਖ ਬਣਾ ਰਿਹਾ ਹੈ। ਜੇਕਰ ਉਹ ਕਿਸਾਨ ਪੱਖੀ ਹੁੰਦੇ ਤਾਂ ਉਹ ਬੀਤੇ ਨੌਂ ਸਾਲਾਂ ਵਿੱਚ ਬਹੁਤ ਕੁਝ ਕਰ ਸਕਦੇ। ਉਨ੍ਹਾਂ ਕਿਹਾ ਕਿ ਬਾਦਲ ਹੁਣ ਪੰਜਾਬ ਦੀ ਕਿਸਾਨੀ ਨੂੰ ਮੁਰਖ ਨਹੀਂ ਬਣਾ ਸਕਦੇ ਜਿਸ ਦਾ ਜਵਾਬ ਉਹ ਪੰਜਾਬ ਦੀਆਂ 2017 ਦੀਆਂ ਚੋਣਾਂ 'ਤੇ ਦੇਣਗੇ।

 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹੁਣ ਜਦੋਂ 14 ਅਗਸਤ, 2016 ਨੂੰ ਤੁਸੀਂ ਦੇਸ਼ ਵਾਸੀਆਂ ਨੂੰ ਸੰਬੋਧਤ ਹੋਵੇ ਤੇ 15 ਅਗਸਤ, 2016 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਆਪਣਾ ਕੌਮ ਨੂੰ ਭਾਸ਼ਣ ਸੁਣਾਉਣ ਤਾਂ ਖੇਤੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਅੰਦਰ ਫਸੀ ਇਸ ਅੜਾਉਣੀ ਨੂੰ ਦੂਰ ਕਰਨ ਲਈ, ਸਥਿਤ ਸਪਸ਼ਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਚਿੱਠੀਆਂ ਦਾ ਜੁਆਬ ਨਹੀਂ ਦਿੱਤਾ ਜਾਂਦਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।