ਪਟਨਾ: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਮਗਰੋਂ ਬਿਹਾਰ ਵਿੱਚ ਵੀ ਕਿਸਾਨ ਅੰਦੋਲਨ ਦਾ ਅਸਰ ਵਿਖਾਈ ਦੇਣ ਲੱਗਾ ਹੈ। ਇਸ ਲਈ ਸਿਆਸੀ ਪਾਰਟੀਆਂ ਲਈ ਪੇਂਡੂ ਵੋਟ ਬੇਹੱਦ ਅਹਿਮ ਹੋ ਗਿਆ ਹੈ। ਖਾਸਕਰ ਉੱਤਰ ਪ੍ਰਦੇਸ਼ ਤੇ ਬਿਹਾਰ ਅੰਦਰ ਇਸ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਸਿਆਸੀ ਪਾਰਟੀਆਂ ਪਿੰਡਾਂ ਵੱਲ ਰੁਖ ਕਰਨ ਲੱਗੀਆਂ ਹਨ।

ਇਸ ਲਈ ਬਿਹਾਰ ਦੀਆਂ ਕਈ ਸਿਆਸੀ ਪਾਰਟੀਆਂ ਪਿੰਡਾਂ ’ਚ ਆਪਣੀ ਬੁਨਿਆਦੀ ਪਕੜ ਮਜ਼ਬੂਤ ਕਰਨ ਲਈ ਪੰਚਾਇਤਾਂ ਉੱਤੇ ਵੀ ਸਿਆਸੀ ਕਬਜ਼ਾ ਕਰਨ ਲਈ ਰਣਨੀਤੀ ਉਲੀਕ ਰਹੀਆਂ ਹਨ। ਪਾਰਟੀਆਂ ਵੱਲੋਂ ਪੰਚਾਇਤ ਚੋਣਾਂ ਦੇ ਮੈਦਾਨ ’ਚ ਉੱਤਰੇ ਆਪਣੇ ਕਾਰਕੁਨਾਂ ਦੀ ਮਦਦ ਕਰ ਰਹੀਆਂ ਹਨ। ਕਿਸਾਨ ਅੰਦੋਲਨ ਕਰਕੇ ਸਿਆਸੀ ਪਾਰਟੀਆਂ ਲਈ ਪੇਂਡੂ ਵੋਟਰ ਖਾਸਕਰ ਕਿਸਾਨ ਬੇਹੱਦ ਅਹਿਮ ਹੋ ਗਏ ਹਨ।

 

ਭਾਰਤੀ ਜਨਤਾ ਪਾਰਟੀ ਦੀ ਬਿਹਾਰ ਵਿੱਚ ਕੱਲ੍ਹ ਐਤਵਾਰ ਨੂੰ ਖ਼ਤਮ ਹੋਈ ਦੋ ਦਿਨਾ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ ’ਚ ਹੇਠਲੇ ਪੱਧਰ ਤੱਕ ਜਥੇਬੰਦਕ ਮਜ਼ਬੂਤੀ ਲਿਆਉਣ ਉੱਤੇ ਜ਼ੋਰ ਦਿੱਤਾ ਗਿਆ। ਭਾਜਪਾ ਨੇ ਇਸ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਬਿਹਾਰ ਪੰਚਾਇਤ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਯੋਗ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਜਾਵੇਗੀ। ਉਂਝ ਬਿਹਾਰ ’ਚ ਪੰਚਾਇਤ ਚੋਣਾਂ ਪਾਰਟੀਆਂ ਦੇ ਆਧਾਰ ਉੱਤੇ ਨਹੀਂ ਹੁੰਦੀਆਂ।

 

ਉੱਧਰ ਰਾਸ਼ਟਰੀ ਜਨਤਾ ਦਲ (RJD) ਨੇ ਵੀ ਆਪਣੀ ਰਣਨੀਤੀ ਉਲੀਕੀ ਹੈ। ਇੱਕ ਸੀਨੀਅਰ ਆਗੂ ਮੁਤਾਬਕ ਸੂਬੇ ’ਚ ਹੋਣ ਵਾਲੀਆਂ ਪੰਚਾਇਤ ਚੋਣਾਂ ’ਚ RJD ਦੇ ਕਾਡਰ ਆਪਸ ਵਿੱਚ ਤਾਲਮੇਲ ਕਾਇਮ ਕਰ ਕੇ ਮੈਦਾਨ ’ਚ ਨਿੱਤਰਨਗੇ।

 

ਇੱਕ ਆਰਜੇਡੀ ਤੇ ਭਾਜਪਾ ਦੋਵੇਂ ਹੀ ਪਾਰਟੀਆਂ ਪੰਚਾਇਤੀ ਰਾਜ ਸੰਸਥਾਨਾਂ ਉੱਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀਆਂ ਹਨ। ਆਰਜੇਡੀ ਆਗੂਆਂ ਦਾ ਦਾਅਵਾ ਹੈ ਕਿ ਪਿਛਲੀਆਂ ਪੰਚਾਇਤ ਚੋਣਾਂ ’ਚ ਜ਼ਿਆਦਾਤਰ ਪੰਚਾਇਤੀ ਰਾਜ ਸੰਸਥਾਨਾਂ ਉੱਤੇ RJD ਦਾ ਕਬਜ਼ਾ ਰਿਹਾ ਹੈ। ਬਿਹਾਰ ’ਚ ਪੰਚਾਇਤ ਚੋਣਾਂ ਅਪ੍ਰੈਲ-ਮਈ ਵਿੱਚ ਸੰਭਵ ਹਨ।