ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਕੁਦਰਤ ਦੇ ਕਹਿਰ ਨੇ ਝੰਬ ਸੁੱਟਿਆ ਹੈ। ਬਾਰਸ਼ ਤੇ ਛੱਖੜ ਨਾਲ ਸਭ ਤੋਂ ਵੱਧ ਨੁਕਸਾਨ ਕਣਕ ਦੀ ਫਸਲ ਨੂੰ ਪਹੁੰਚਿਆ ਹੈ। ਬੇਸ਼ੱਕ ਅਫਸਰਸ਼ਾਹੀ ਮੰਨ ਰਹੀ ਹੈ ਕਿ ਕਣਕ ਦੀ ਫ਼ਸਲ 20 ਫੀਸਦੀ ਤੱਕ ਨੁਕਸਾਨੀ ਗਈ ਹੈ ਪਰ ਜ਼ਮੀਨੀ ਪੱਥਰ 'ਤੇ ਤਸਵੀਰ ਇਸ ਤੋਂ ਵੀ ਭਿਆਨਕ ਹੈ।


ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਕਣਕ ਤੇ ਹਾੜੀ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਕ ਫ਼ਸਲਾਂ ਦੇ ਖ਼ਰਾਬੇ ਦੀ ਅਸਲ ਤਸਵੀਰ ਤਾਂ ਗਿਰਦਾਵਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਮੁੱਢਲੇ ਤੌਰ ’ਤੇ ਸੂਬੇ ਵਿੱਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ 20 ਫੀਸਦੀ ਤੱਕ ਨੁਕਸਾਨੀ ਗਈ ਹੈ। ਤੇਜ਼ ਹਵਾ ਚੱਲਣ ਕਾਰਨ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ।

ਖੇਤੀਬਾੜੀ ਵਿਭਾਗ ਨੇ ਭਾਵੇਂ ਕਣਕ ਦੇ ਝਾੜ ਵਿੱਚ 2 ਤੋਂ 5 ਫੀਸਦੀ ਤੱਕ ਸਾਰੇ ਪੰਜਾਬ ਵਿੱਚ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨੁਕਸਾਨ ਵਧ ਵੀ ਸਕਦਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਸਿਰਫ਼ ਲਹਿਰਾਗਾਗਾ ਬਲਾਕ ਦੇ ਹੀ ਕਈ ਪਿੰਡਾਂ ਵਿੱਚ ਕਣਕ ਦੀ ਫਸਲ ਦਾ 50 ਫੀਸਦੀ ਤੱਕ ਵੀ ਨੁਕਸਾਨ ਹੋਇਆ ਹੈ।

ਖੇਤੀਬਾੜੀ ਵਿਭਾਗ ਮੁਤਾਬਕ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਸੰਗਰੂਰ, ਮਾਨਸਾ, ਮੁਕਤਸਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ ਤੇ ਜਲੰਧਰ ਵਿੱਚ ਹੋਇਆ ਹੈ। ਉਂਜ ਫਸਲਾਂ ਦੇ ਖ਼ਰਾਬੇ ਦੀਆਂ ਰਿਪੋਰਟਾਂ ਤਾਂ ਸਾਰੇ ਪੰਜਾਬ ’ਚੋਂ ਹੀ ਆ ਰਹੀਆਂ ਹਨ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਮੀਂਹ ਕਾਰਨ ਫ਼ਸਲਾਂ ਵਿਛ ਗਈਆਂ ਹਨ ਤਾਂ ਖੇਤਾਂ ਵਿੱਚੋਂ ਤੁਰੰਤ ਪਾਣੀ ਬਾਹਰ ਕੱਢ ਲਿਆ ਜਾਵੇ।

ਵਿਭਾਗ ਨੇ ਖੇਤਰੀ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਹੈ, ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰਾਂ ਨੇ ਵਿਸ਼ੇਸ਼ ਗਿਰਦਾਵਰੀ ਦੇ ਮੱਦੇਨਜ਼ਰ ਸਬੰਧਤ ਮਾਲ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।