Delhi Chalo Protest: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਵਿੱਚ ਇੱਕ ਮਹੀਨੇ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਕਾਰਨ ਵਿਆਪਕ ਤਣਾਅ ਅਤੇ ਸਮਾਜਿਕ ਅਸ਼ਾਂਤੀ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਮਹੀਨੇ ਲਈ ਫੌਜਦਾਰੀ ਜਾਬਤਾ ਸੰਘਤਾ (CRPC) ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਧਾਰਾ 144 ਲਾਗੂ ਹੋਣ ਕਾਰਨ ਕੌਮੀ ਰਾਜਧਾਨੀ ਵਿੱਚ ਮੀਟਿੰਗਾਂ, ਜਲੂਸ ਜਾਂ ਰੈਲੀਆਂ ਕਰਨ ਅਤੇ ਲੋਕਾਂ ਨੂੰ ਲਿਜਾਣ ਵਾਲੀਆਂ ਟਰੈਕਟਰ ਟਰਾਲੀਆਂ ਦੇ ਦਾਖ਼ਲੇ 'ਤੇ ਮੁਕੰਮਲ ਪਾਬੰਦੀ ਰਹੇਗੀ।


ਪੰਜਾਬ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ) KMSC ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ, "ਕੱਲ੍ਹ ਸਵੇਰੇ... 200 ਕਿਸਾਨ ਯੂਨੀਅਨਾਂ ਦਿੱਲੀ ਵੱਲ ਮਾਰਚ ਕਰਨਗੀਆਂ... ਅਧੂਰੇ ਰਹਿ ਗਏ ਅੰਦੋਲਨ ਨੂੰ ਪੂਰਾ ਕਰਨ ਲਈ... 9 ਸੂਬਿਆਂ ਦੀਆਂ ਕਿਸਾਨ ਯੂਨੀਅਨਾਂ ਸੰਪਰਕ ਵਿੱਚ ਹਨ... ਪੁਡੂਚੇਰੀ, ਕਰਨਾਟਕ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਪੰਜਾਬ, ਇਹ ਸਾਰੇ ਸੂਬੇ ਅੰਦੋਲਨ ਲਈ ਤਿਆਰ ਹਨ।






ਦਿੱਲੀ ਚ ਟਰੈਕਟਰ ਰੈਲੀਆਂ ਤੇ ਬੈਨ


ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਵੱਲੋਂ ਜਾਰੀ ਹੁਕਮਾਂ ਰਾਹੀਂ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਜਲੂਸ ਕੱਢਣ ਅਤੇ ਸੜਕਾਂ ਅਤੇ ਰਸਤਿਆਂ ਨੂੰ ਰੋਕਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 12 ਫਰਵਰੀ ਤੋਂ 12 ਮਾਰਚ ਤੱਕ ਲਾਗੂ ਰਹੇਗਾ। ਦਿੱਲੀ ਪੁਲਿਸ ਦੇ ਹੁਕਮਾਂ ਤਹਿਤ ਟਰੈਕਟਰ ਰੈਲੀਆਂ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ਪਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।






ਸੰਭਾਵਨਾ ਹੈ ਕਿ ਮਾਰਚ ਦੌਰਾਨ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨਗੇ। ਦਿੱਲੀ ਪੁਲਿਸ ਕਮਿਸ਼ਨਰ ਵੱਲੋਂ 11 ਫਰਵਰੀ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) (ਗੈਰ-ਸਿਆਸੀ), ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅਤੇ ਕਈ ਹੋਰ ਕਿਸਾਨ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੇ ਮਕਸਦ  ਨਾਲ 13 ਫਰਵਰੀ ਨੂੰ ‘ਦਿੱਲੀ ਚਲੋ’ ਮਾਰਚ ਦਾ ਐਲਾਨ ਕੀਤਾ ਹੈ।


ਇਹ ਵੀ ਪੜ੍ਹੋ: Farmer Protest: ਕਿਸਾਨਾਂ ਨਾਲ ਮੋਢਾ ਜੋੜ ਕੇ ਖੜ੍ਹੀ ਪੰਜਾਬ ਸਰਕਾਰ, ਸਿਆਸਤ ਜਾਂ ਫਿਰ ਕਿਰਸਾਨੀ ਨਾਲ ਪਿਆਰ, ਜਾਣੋ ਕੀ ਹੈ ਵਜ੍ਹਾ


ਹਿੰਸਾ ਹੋਣ ਦਾ ਖਤਰਾ- ਪੁਲਿਸ


ਇਸ ਵਿੱਚ ਕਿਹਾ ਗਿਆ ਹੈ, "ਜਦੋਂ ਮਾਰਚ ਵਿੱਚ ਹਿੱਸਾ ਲੈਣ ਵਾਲੇ ਨਵੀਂ ਦਿੱਲੀ ਵਿੱਚ ਦਾਖਲ ਹੋਣਗੇ ਤਾਂ ਵਿਆਪਕ ਤਣਾਅ, ਜਨਤਕ ਪਰੇਸ਼ਾਨੀ, ਜਨਤਕ ਅਸ਼ਾਂਤੀ, ਸਮਾਜਿਕ ਅਸ਼ਾਂਤੀ ਅਤੇ ਹਿੰਸਾ ਦਾ ਖਤਰਾ ਹੈ।"


ਆਦੇਸ਼ ਵਿੱਚ ਕਿਹਾ ਗਿਆ ਹੈ, "ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਲੋਕ ਦਿੱਲੀ ਵਿੱਚ ਦਾਖਲ ਹੋਣ ਲਈ ਆਵਾਜਾਈ ਦੇ ਸਾਧਨ ਵਜੋਂ ਟਰੈਕਟਰਾਂ, ਟਰਾਲੀਆਂ ਦੀ ਵਰਤੋਂ ਕਰ ਸਕਦੇ ਹਨ, ਜੋ ਲਾਜ਼ਮੀ ਤੌਰ 'ਤੇ ਸੜਕਾਂ ਲਈ ਇੱਕ ਵੱਡਾ ਖਤਰਾ ਪੈਦਾ ਕਰ ਸਕਦਾ ਹੈ," ਅਤੇ ਇਸ ਨਾਲ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਅਤੇ ਦਿੱਲੀ ਵਾਸੀਆਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


ਹੁਕਮ ਵਿਚ ਕਿਹਾ ਗਿਆ ਹੈ, ''ਇਸ ਗੱਲ ਦੀ ਸੰਭਾਵਨਾ ਹੈ ਕਿ ਕੁਝ ਸਮਾਜ ਵਿਰੋਧੀ ਤੱਤ, ਪ੍ਰਦਰਸ਼ਨਕਾਰੀ ਸਮੂਹ ਸਥਿਤੀ ਦਾ ਫਾਇਦਾ ਉਠਾ ਸਕਦੇ ਹਨ ਅਤੇ ਦਿੱਲੀ ਵਿਚ ਸ਼ਾਂਤੀ, ਜਨਤਕ ਵਿਵਸਥਾ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਦੇ ਹਨ।'' ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੇ ਅੰਦਰ ਜਨਤਕ ਥਾਵਾਂ 'ਤੇ ਤੇਜ਼ਾਬ, ਵਿਸਫੋਟਕ, ਹਥਿਆਰ ਵਰਗੇ ਪਦਾਰਥ ਲੈ ਕੇ ਜਾਣ 'ਤੇ ਵੀ ਪਾਬੰਦੀ ਹੋਵੇਗੀ।


ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਦਿੱਤੇ ਆਦੇਸ਼


ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸੂਬਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਸਖ਼ਤ ਅਤੇ ਡੂੰਘਾਈ ਨਾਲ ਚੈਕਿੰਗ ਕਰੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜ਼ੁਬਾਨੀ, ਲਿਖਤੀ ਜਾਂ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਭਾਵਨਾਵਾਂ ਭੜਕਾਉਣ, ਨਾਅਰੇ ਲਗਾਉਣ, ਭਾਸ਼ਣ ਦੇਣ ਜਾਂ ਸੰਦੇਸ਼ ਭੇਜਣ 'ਤੇ ਪਾਬੰਦੀ ਹੋਵੇਗੀ।


ਇੰਟਰਨੈੱਟ ਸੇਵਾਵਾਂ ਬੰਦ


ਕਿਸਾਨ ਅੰਦੋਲਨ ਨੂੰ ਲੈ ਕੇ ਗੁਰੂਗ੍ਰਾਮ ਪ੍ਰਸ਼ਾਸਨ ਵੀ ਚੌਕਸ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਗੁਰੂਗ੍ਰਾਮ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ ਪਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦਾ ਕਹਿਣਾ ਹੈ ਕਿ ਗੁਰੂਗ੍ਰਾਮ ਵਿੱਚ ਇਸ ਅੰਦੋਲਨ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਦਾ ਇਹ ਵੀ ਕਹਿਣਾ ਹੈ ਕਿ ਗੁਰੂਗ੍ਰਾਮ ਦੀਆਂ ਸਾਰੀਆਂ ਸਰਹੱਦਾਂ 'ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਪਰ ਫਿਲਹਾਲ ਗੁਰੂਗ੍ਰਾਮ ਵਿੱਚ ਇਸ ਅੰਦੋਲਨ ਵਿੱਚ ਕਿਸਾਨਾਂ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆ ਰਿਹਾ ਹੈ।


ਝੱਜਰ ਵਿੱਚ ਧਾਰਾ 144 ਲਾਗੂ


ਇਸ ਦੌਰਾਨ ਝੱਜਰ ਪੁਲਿਸ ਨੇ ਦਿੱਲੀ ਜਾਣ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਰੋਹਤਕ-ਝੱਜਰ ਤੋਂ ਦਿੱਲੀ ਜਾਣ ਵਾਲਿਆਂ ਨੂੰ ਫਾਰੂਖਨਗਰ, ਗੁਰੂਗ੍ਰਾਮ ਦੇ ਰਸਤੇ ਦਿੱਲੀ ਜਾਣਾ ਹੋਵੇਗਾ। ਹਰਿਆਣਾ ਪੁਲਿਸ ਨੇ ਬਹਾਦੁਰਗੜ੍ਹ ਦੇ ਸੈਕਟਰ 9 ਦੇ ਮੋੜ ਨੇੜੇ ਥ੍ਰੀ ਲੇਅਰ ਬੈਰੀਕੇਡਿੰਗ ਕੀਤੀ ਹੈ। ਝੱਜਰ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨੀਮ ਫ਼ੌਜੀ ਬਲਾਂ ਦੀਆਂ 2 ਕੰਪਨੀਆਂ ਅਤੇ ਝੱਜਰ ਪੁਲਿਸ ਦੀਆਂ 9 ਕੰਪਨੀਆਂ ਸੁਰੱਖਿਆ ਲਈ ਤਿਆਰ ਹਨ।


ਇਹ ਵੀ ਪੜ੍ਹੋ: ED summons to Farooq Abdullah: ਹੁਣ ਫਾਰੂਕ ਅਬਦੁੱਲਾ ਨੂੰ ED ਨੇ ਭੇਜਿਆ ਸੰਮਨ, ਇਸ ਮਾਮਲੇ ‘ਚ ਹੋਵੇਗੀ ਪੁੱਛਗਿੱਛ