Fertilizer Crisis: ਦੇਸ਼ ਭਰ 'ਚ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ, ਉੱਥੇ ਹੀ ਦੂਜੇ ਪਾਸੇ ਕਣਕ ਦੀ ਬਿਜਾਈ ਸ਼ੁਰੂ ਹੁੰਦੇ ਹੀ ਕਿਸਾਨ ਖਾਦਾਂ ਦੀ ਕਮੀ ਤੋਂ ਪ੍ਰੇਸ਼ਾਨ ਹਨ।

ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਖਾਦ ਦੀ ਕਮੀ ਹੈ। ਘੰਟਿਆਂਬੱਧੀ ਲਾਈਨ ਵਿੱਚ ਉਡੀਕ ਕਰਨ ਤੋਂ ਬਾਅਦ ਵੀ ਖਾਦ ਨਹੀਂ ਮਿਲ ਰਹੀ, ਜਿਸ ਤੋਂ ਬਾਅਦ ਕਿਸਾਨ ਕਈ ਥਾਵਾਂ ’ਤੇ ਧਰਨੇ ਦੇਣ ਲਈ ਮਜਬੂਰ ਹਨ। ਇੰਨਾ ਹੀ ਨਹੀਂ ਖਾਦ ਦੀ ਘਾਟ ਕਾਰਨ 5 ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ।

ਕੇਂਦਰ ਸੰਚਾਲਕਾਂ ਦਾ ਕਹਿਣਾ ਹੈ ਕਿ ਗੋਦਾਮ ਵਿੱਚੋਂ ਸਟਾਕ ਆਉਣ ਵਿੱਚ ਦੇਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਖਾਦਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਅਸੀਂ ਗੋਦਾਮ ਤੋਂ ਜੋ ਸਟਾਕ ਪ੍ਰਾਪਤ ਕਰ ਰਹੇ ਹਾਂ, ਉਸ ਨੂੰ ਵੰਡ ਰਹੇ ਹਾਂ।

ਖਾਦ ਦੀ ਕਮੀ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀਆਂ ਕੀਮਤਾਂ ਹਨ। ਇਕ ਪਾਸੇ, ਚੀਨ ਨੇ ਖਾਦਾਂ ਦੀ ਬਰਾਮਦ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ, ਉਥੇ ਹੀ ਬੇਲਾਰੂਸ ਦੇ ਖਿਲਾਫ ਪੱਛਮੀ ਆਰਥਿਕ ਧਾਰਾ ਨੇ ਵਿਸ਼ਵ ਬਾਜ਼ਾਰ ਵਿਚ ਖਾਦਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਦਾ ਅਸਰ ਭਾਰਤ ਵਿੱਚ ਵੀ ਪਿਆ ਹੈ। ਦਰਅਸਲ, ਵਿਸ਼ਵ ਮੰਡੀ ਵਿੱਚ ਸਪਲਾਈ ਤੰਗ ਹੋਣ ਕਾਰਨ ਫਾਸਫੋਰਿਕ ਐਸਿਡ ਤੇ ਅਮੋਨੀਆ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਯੂਰੀਆ ਦਾ ਉਤਪਾਦਨ ਘਟਿਆ ਹੈ ਤੇ ਭੰਡਾਰਨ ਵੀ ਇੱਕ ਕਾਰਨ ਹੈ।

ਸਰਕਾਰ ਕਰ ਰਹੀ ਕੋਸ਼ਿਸ਼
ਕੇਂਦਰ ਦੀ ਮੋਦੀ ਸਰਕਾਰ ਨੇ ਹਾਲ ਹੀ ਵਿੱਚ ਫਾਸਫੇਟਿਕ ਅਤੇ ਪੋਟਾਸ਼ ਖਾਦਾਂ 'ਤੇ 28,655 ਕਰੋੜ ਰੁਪਏ ਦੀ ਸ਼ੁੱਧ ਸਬਸਿਡੀ ਦਾ ਐਲਾਨ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਹਾੜੀ ਦੀ ਬਿਜਾਈ ਲਈ ਇਹ ਪੌਸ਼ਟਿਕ ਤੱਤ ਸਸਤੀਆਂ ਕੀਮਤਾਂ 'ਤੇ ਮਿਲ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਅਕਤੂਬਰ 2021 ਤੋਂ ਮਾਰਚ 2022 ਦੀ ਮਿਆਦ ਲਈ P&K ਖਾਦਾਂ ਲਈ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ ਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇੱਕ ਸਰਕਾਰੀ ਬਿਆਨ ਦੇ ਅਨੁਸਾਰ, ਐਨਬੀਐਸ ਅਧੀਨ ਐਨ (ਨਾਈਟ੍ਰੋਜਨ) ਲਈ ਪ੍ਰਤੀ ਕਿਲੋਗ੍ਰਾਮ ਸਬਸਿਡੀ ਦਰ 18.789 ਰੁਪਏ, ਪੀ (ਫਾਸਫੋਰਸ) ਲਈ 45.323 ਰੁਪਏ, ਕੇ (ਪੋਟਾਸ਼) ਲਈ 10.116 ਰੁਪਏ ਅਤੇ ਐਸ (ਸਲਫਰ) ਲਈ 2.374 ਰੁਪਏ ਨਿਰਧਾਰਤ ਕੀਤੀ ਗਈ ਹੈ।