ਪਣਜੀ: ਗੋਆ ਸਰਕਾਰ ਫ਼ਸਲ ਦੀ ਪੈਦਾਵਾਰ ਵਧਾਉਣ ਲਈ ਅਨੋਖੀ ਤਕਨੀਕ ਅਪਨਾਉਣ ਜਾ ਰਹੀ ਹੈ। ਸੂਬਾ ਸਰਕਾਰ ਨੇ ਕਿਸਾਨਾਂ ਨੂੰ ਪ੍ਰਾਚੀਨ ਵੈਦਿਕ ਮੰਤਰਾਂ ਦਾ ਜਾਪ ਕਰਨ ਲਈ ਕਿਹਾ ਹੈ। ਖੇਤੀ ਵਿਭਾਗ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 'ਦੈਵੀ ਖੇਤੀ' ਤਕਨੀਕ ਅਪਣਾਉਣ ਦੀ ਸਲਾਹ ਦਿੱਤੀ ਹੈ, ਜਿਸ ਨਾਲ ਫ਼ਸਲ ਦੀ ਪੈਦਾਵਾਰ ਚੰਗੀ ਹੋਵੇਗੀ। ਇਸ ਲਈ ਖੇਤ ਵਿੱਚ ਕਿਸਾਨਾਂ ਨੂੰ 20 ਦਿਨਾਂ ਤਕ ਵੈਦਿਕ ਮੰਤਰਾਂ ਦਾ ਜਾਪ ਕਰਨਾ ਹੋਵੇਗਾ।

ਖੇਤੀ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਖੇਤਰ ਦੇ ਮਾਹਰ ਸ਼ਿਵ ਯੋਗ ਫਾਊਂਡੇਸ਼ਨ ਤੇ ਬ੍ਰਹਮਾਕੁਮਾਰੀ ਜਿਹੀਆਂ ਸੰਸਥਾਵਾਂ ਨਾਲ ਗੱਲਬਾਤ ਜਾਰੀ ਹੈ, ਜੋ ਕਿਸਾਨਾਂ ਨੂੰ ਸਿਖਲਾਈ ਵੀ ਦੇਣਗੇ। ਅਧਿਕਾਰੀ ਨੇ ਦੱਸਿਆ ਕਿ ਖੇਤੀ ਮੰਤਰੀ ਵਿਜੇ ਸਰਦੇਸਾਈ ਤੇ ਖੇਤੀ ਨਿਰਦੇਸ਼ਕ ਨੈਲਸਨ ਫਿਗੁਏਰੋਡੋ ਨੇ ਹਾਲ ਵੀ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ 'ਸ਼ਿਵ ਯੋਗ ਖੇਤੀ' ਦੇ ਪ੍ਰਚਾਰਕ ਗੁਰੂ ਸ਼ਿਵਾਨੰਦ ਨਾਲ ਮੁਲਾਕਾਤ ਕਰ ਸਲਾਹ ਲਈ ਸੀ ਕਿ 'ਦੈਵੀ ਖੇਤੀ' ਕਿਸਾਨਾਂ ਲਈ ਕਿਸ ਤਰ੍ਹਾਂ ਲਾਭਦਾਇਕ ਸਿੱਧ ਹੋ ਸਕਦੀ ਹੈ।

ਨੈਲਸਨ ਫਿਗੁਏਰੋਡੋ ਮੁਤਾਬਕ ਸੂਬਾ ਸਰਕਾਰ ਕੁਦਰਤੀ, ਜੈਵਿਕ ਤੇ ਵਾਤਾਵਰਣ ਅਨੁਕੂਲ ਖੇਤੀ ਦੇ ਰਸਤੇ 'ਤੇ ਚੱਲ ਰਹੀ ਹੈ। ਖੇਤੀ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਇਸ ਅਲੌਕਿਕ ਖੇਤੀ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ ਦਾਅਵਾ ਹੈ ਕਿ ਵਿਸ਼ੇਸ਼ ਮੰਤਰ ਬ੍ਰਹਿਮੰਡ ਤੋਂ ਊਰਜਾ ਖਿੱਚ ਕੇ ਖੇਤ ਵਿੱਚ ਪਾਉਂਦੇ ਹਨ ਤੇ ਬੀਜਾਂ ਨੂੰ ਬਿਹਤਰ ਤਰੀਕੇ ਨਾਲ ਉੱਗਣ ਵਿੱਚ ਮਦਦ ਕਰਦਾ ਹੈ ਤੇ ਗੁਣਵੱਤਾ ਭਰਪੂਰ ਪੈਦਾਵਾਰ ਹੁੰਦੀ ਹੈ।