Good news for monsoon:  ਇਸ ਵਾਰ ਦੇਸ਼ 'ਚ ਪਿਛਲੀ ਵਾਰ ਨਾਲੋਂ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਵਾਰ ਜੂਨ ਤੋਂ ਸਤੰਬਰ ਤੱਕ ਦੇਸ਼ 'ਚ 103% ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਇੱਕ ਮਹੀਨਾ ਪਹਿਲਾਂ ਦੇਸ਼ 'ਚ 99% ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਜੂਨ 'ਚ ਪੰਜਾਬ ਵਿੱਚ ਮਾਨਸੂਨ ਸੀਜ਼ਨ ਦੌਰਾਨ ਵੀ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ ਆਮ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ਸੂਬੇ 'ਚ ਜੂਨ ਤੋਂ ਸਤੰਬਰ ਤੱਕ ਔਸਤਨ 467 ਮਿਲੀਮੀਟਰ ਮੀਂਹ ਪੈਂਦਾ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇੱਥੇ 436 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ।


ਮੌਨਸੂਨ ਦੌਰਾਨ ਦੇਸ਼ 'ਚ ਆਮ ਲੰਬੇ ਸਮੇਂ ਦੀ ਔਸਤ ਵਰਖਾ 87 ਸੈਂਟੀਮੀਟਰ ਹੁੰਦੀ ਹੈ। ਲੰਬੇ ਅਰਸੇ ਦੀ ਔਸਤ ਦੇ 96 ਤੋਂ 104% ਮੀਂਹ ਨੂੰ ਆਮ ਮੰਨਿਆ ਜਾਂਦਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਲਾ-ਨੀਨਾ ਹਾਲਾਤ ਪੂਰੇ ਮਾਨਸੂਨ ਦੌਰਾਨ ਬਣੇ ਰਹਿਣ ਦੀ ਉਮੀਦ ਹੈ, ਇਸ ਲਈ ਬਾਰਿਸ਼ 'ਚ ਵਾਧੇ ਦੀ ਉਮੀਦ ਹੈ।


ਕੀ ਹੈ ਲਾ-ਨੀਨਾ?


ਲਾ-ਨਿਆ ਦਾ ਮਤਲਬ ਪ੍ਰਸ਼ਾਂਤ ਮਹਾਸਾਗਰ ਦੇ ਸਮੁੰਦਰੀ ਸਤ੍ਹਾ ਦੇ ਤਾਪਮਾਨ 'ਚ ਸਮੇਂ-ਸਮੇਂ ਤੇ ਹੋਣ ਵਾਲੀਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਇਸ ਦਾ ਅਸਰ ਦੁਨੀਆਂ ਭਰ ਦੇ ਮੌਸਮ 'ਤੇ ਪੈਂਦਾ ਹੈ। ਅਲ-ਨੀਨੋ ਕਾਰਨ ਤਾਪਮਾਨ ਗਰਮ ਹੁੰਦਾ ਹੈ ਅਤੇ ਲਾ-ਨੀਨਾ ਕਾਰਨ ਠੰਢਾ। ਇਸ ਵਾਰ ਮਾਨਸੂਨ ਤਿੰਨ ਦਿਨ ਪਹਿਲਾਂ ਕੇਰਲ ਪਹੁੰਚ ਗਿਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲੂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮਾਨਸੂਨ 30 ਜੂਨ ਤੋਂ ਪਹਿਲਾਂ ਇੱਥੇ ਦਸਤਕ ਦੇ ਸਕਦਾ ਹੈ।


2019 ਤੋਂ ਲਗਾਤਾਰ ਹੋ ਰਹੀ ਚੰਗੀ ਬਾਰਿਸ਼


ਜੂਨ 'ਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਮਹਾਰਾਸ਼ਟਰ, ਪੂਰਬੀ ਮੱਧ ਪ੍ਰਦੇਸ਼, ਪੱਛਮੀ ਗੁਜਰਾਤ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਅੰਦਰੂਨੀ ਕਰਨਾਟਕ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਾਰ ਪੰਜਾਬ ਦਾ ਮੌਸਮ ਮਾਰਚ ਤੋਂ 22 ਮਈ ਤੱਕ ਲਗਾਤਾਰ ਖੁਸ਼ਕ ਰਿਹਾ ਹੈ।


ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਈ ਰਿਹਾ ਕਾਫ਼ੀ ਗਰਮ


ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਲਈ ਮਈ ਦੇ ਪੂਰੇ ਮਹੀਨੇ ਦਾ ਔਸਤ ਪਾਰਾ ਜਾਰੀ ਕੀਤਾ ਗਿਆ ਹੈ। ਆਈਐਮਡੀ ਦੇ ਅਨੁਸਾਰ ਇਸ ਵਾਰ ਤਿੰਨੋਂ ਜ਼ਿਲ੍ਹਿਆਂ 'ਚ ਪੂਰੇ ਮਹੀਨੇ ਦਾ ਪਾਰਾ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਦਰਜ ਕੀਤਾ ਗਿਆ ਹੈ। 2013 ਤੋਂ ਬਾਅਦ ਅੰਮ੍ਰਿਤਸਰ 'ਚ ਪਾਰਾ 40 ਡਿਗਰੀ ਦਰਜ ਕੀਤਾ ਗਿਆ ਹੈ।


ਦਿੱਲੀ 'ਚ ਤੇਜ਼ ਹਵਾਵਾਂ ਕਾਰਨ ਦਰੱਖਤ ਟੁੱਟੇ


ਦਿੱਲੀ 'ਚ ਮਾਨਸੂਨ ਦੇ ਪਹਿਲੇ ਮਹੀਨੇ ਮਤਲਬ ਜੂਨ 'ਚ ਵੀ ਆਮ ਬਾਰਿਸ਼ ਹੋਵੇਗੀ। ਆਮ ਤੌਰ 'ਤੇ ਜੂਨ 'ਚ 165 ਮਿਲੀਮੀਟਰ ਮੀਂਹ ਪੈਂਦਾ ਹੈ। ਜੂਨ ਲਈ ਆਮ ਵਰਖਾ ਦੀ ਰੇਂਜ 92 ਤੋਂ 108 ਫ਼ੀਸਦੀ ਹੈ। ਸੋਮਵਾਰ ਨੂੰ ਦਿੱਲੀ 'ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਦਰੱਖਤ ਉੱਖੜ ਗਏ ਅਤੇ ਬਿਜਲੀ ਗੁੱਲ ਹੋ ਗਈ।


2 ਦਿਨਾਂ 'ਚ ਬੰਗਾਲ ਦੇ ਹਿਮਾਲੀਅਨ ਹਿੱਸੇ 'ਚ ਪਹੁੰਚ ਜਾਵੇਗਾ ਮਾਨਸੂਨ


ਇਸ ਵਾਰ ਮਾਨਸੂਨ ਤਿੰਨ ਦਿਨ ਪਹਿਲਾਂ ਕੇਰਲ ਪਹੁੰਚ ਗਿਆ ਹੈ। ਅਗਲੇ 2 ਦਿਨਾਂ 'ਚ ਕਰਨਾਟਕ, ਤਾਮਿਲਨਾਡੂ, ਗੋਆ, ਉੱਤਰ-ਪੂਰਬ, ਸਿੱਕਮ ਅਤੇ ਹਿਮਾਲੀਅਨ ਪੱਛਮੀ ਬੰਗਾਲ ਤੱਕ ਪਹੁੰਚਣ ਦੀ ਸੰਭਾਵਨਾ ਹੈ।