Hardhenu Breed Cow: ਹਰ ਸਾਲ ਕਿਸਾਨਾਂ ਨੂੰ ਖੇਤੀ 'ਚ ਬਹੁਤ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਹੁਣ ਹੌਲੀ-ਹੌਲੀ ਕਿਸਾਨਾਂ ਦਾ ਮਨੋਬਲ ਟੁੱਟਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਆਦਾਤਰ ਕਿਸਾਨ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹਨ, ਸਰਕਾਰ ਵੀ ਇਸ ਲਈ ਯਤਨਸ਼ੀਲ ਹੈ। ਹੁਣ ਹੌਲੀ-ਹੌਲੀ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।



ਦੱਸ ਦੇਈਏ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਪਸ਼ੂ ਪਾਲਣ ਦੇ ਧੰਦੇ 'ਚ ਦਿਲਚਸਪੀ ਰੱਖਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਗਾਂ ਦੀ ਇੱਕ ਅਜਿਹੀ ਨਸਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਦੂਜੀਆਂ ਨਸਲਾਂ ਨਾਲੋਂ ਵੱਧ ਦੁੱਧ ਦਿੰਦੀ ਹੈ, ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਵੀ ਕਾਫੀ ਹੁੰਦੀ ਹੈ।

ਪਿਛਲੇ ਕੁਝ ਸਾਲਾਂ ਤੋਂ ਮਾਹਿਰ ਕਿਸਾਨਾਂ ਨੂੰ ਹਰਧੇਨੂ ਗਾਂ ਰੱਖਣ ਦੀ ਸਲਾਹ ਦੇ ਰਹੇ ਹਨ। ਇਸ ਗਾਂ ਦੀ ਖ਼ਾਸ ਗੱਲ ਇਹ ਹੈ ਕਿ ਇਹ ਰੋਜ਼ਾਨਾ 50-55 ਲੀਟਰ ਦੁੱਧ ਦਿੰਦੀ ਹੈ। ਇਸ ਨੂੰ ਹਰਿਆਣਾ ਦੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ (ਲੁਵਾਸ) ਦੇ ਵਿਗਿਆਨੀਆਂ ਨੇ ਤਿੰਨ ਨਸਲਾਂ ਨੂੰ ਮਿਲਾ ਕੇ ਤਿਆਰ ਕੀਤਾ ਹੈ। ਮਾਹਿਰਾਂ ਅਨੁਸਾਰ ਇਹ ਹਰਧੇਨੂ ਨਸਲ ਵਿਸ਼ੇਸ਼ ਤੌਰ 'ਤੇ ਉੱਤਰੀ-ਅਮਰੀਕੀ (ਹੋਲਸਟਾਈਨ ਫਰਿਜ਼ਨ), ਦੇਸੀ ਹਰਿਆਣਾ ਤੇ ਸਾਹੀਵਾਲ ਨਸਲ ਦੀ ਕਰਾਸ ਨਸਲ ਤੋਂ ਤਿਆਰ ਕੀਤੀ ਗਈ ਹੈ।

ਹਰਧੇਨੂ ਗਾਂ ਦੀ ਗੱਲ ਕਰੀਏ ਤਾਂ ਇਸ ਨਸਲ ਦੀ ਦੁੱਧ ਦੇਣ ਦੀ ਸਮਰੱਥਾ ਹੋਰ ਨਸਲਾਂ ਦੀਆਂ ਗਾਵਾਂ ਨਾਲੋਂ ਵੱਧ ਹੈ। ਇਸ ਦੇ ਦੁੱਧ ਦਾ ਰੰਗ ਹੋਰ ਗਾਵਾਂ ਨਾਲੋਂ ਜ਼ਿਆਦਾ ਚਿੱਟਾ ਹੁੰਦਾ ਹੈ। ਜਿੱਥੇ ਹੋਰ ਗਾਵਾਂ ਔਸਤਨ 5-6 ਲੀਟਰ ਦੁੱਧ ਦਿੰਦੀਆਂ ਹਨ, ਉੱਥੇ ਹਰਧੇਨੂ ਗਾਂ ਦੀ ਸਮਰੱਥਾ ਪ੍ਰਤੀ ਦਿਨ ਔਸਤਨ 15-16 ਲੀਟਰ ਦੁੱਧ ਦਿੰਦੀ ਹੈ। ਜੇਕਰ ਇਸ ਗਾਂ ਨੂੰ ਸਹੀ ਢੰਗ ਨਾਲ ਖੁਆਇਆ ਜਾਵੇ ਤੇ ਦੇਖਭਾਲ ਕੀਤੀ ਜਾਵੇ ਤਾਂ ਇਸ ਦੀ ਦੁੱਧ ਦੇਣ ਦੀ ਸਮਰੱਥਾ 55-60 ਲੀਟਰ ਤੱਕ ਪਹੁੰਚ ਜਾਂਦੀ ਹੈ।