ਨਵੀਂ ਦਿੱਲੀ: ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦੀ ਭਲਾਈ ਲਈ ਅਸੀਂ 75 ਫੀਸਦੀ ਤੋਂ ਵੱਧ ਫਸਲ ਖਰਾਬ ਹੋਣ 'ਤੇ 15,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ, ਪਹਿਲਾਂ ਇਹ ਮੁਆਵਜ਼ਾ 12,000 ਰੁਪਏ ਪ੍ਰਤੀ ਏਕੜ ਸੀ। 10,000 ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਵਧਾ ਕੇ 12,500 ਰੁਪਏ ਕਰ ਦਿੱਤੀ ਗਈ ਹੈ ਤੇ ਇਸ ਤੋਂ ਹੇਠਾਂ ਦੀਆਂ ਸਾਰੀਆਂ ਸਲੈਬਾਂ ਵਿੱਚ ਵੀ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸੀਐਮ ਮਨੋਹਰ ਲਾਲ ਖੱਟਰ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੇ ਟਵਿੱਟਰ 'ਤੇ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੂੰ ਟੈਗ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਓਪੀ ਧਨਖੜ ਨੇ ਟਵੀਟ ਕਰਕੇ ਲਿਖਿਆ, 'ਕਿਸਾਨਾਂ ਨੂੰ ਵਧਾਈਆਂ, ਸਾਡੀ ਸਰਕਾਰ ਨੇ ਖਰਾਬ ਫਸਲਾਂ ਲਈ ਮੁਆਵਜ਼ਾ ਰਾਸ਼ੀ ਵਧਾ ਦਿੱਤੀ, ਮੁਆਵਜ਼ਾ ਰਾਸ਼ੀ 12000 ਤੋਂ ਵਧਾ ਕੇ 15000 ਰੁਪਏ ਕੀਤੀ, ਮੁਆਵਜ਼ਾ ਰਾਸ਼ੀ 10000 ਤੋਂ ਵਧਾ ਕੇ 12500 ਰੁਪਏ ਕੀਤੀ, ਹੇਠਾਂ ਸਾਰੇ ਸਲੈਬਾਂ ਵਿੱਚ ਵੀ 25% ਦਾ ਵਾਧਾ ਕੀਤਾ ਗਿਆ। ਮੁੱਖ ਮੰਤਰੀ @mlkhattar ਖੇਤੀਬਾੜੀ ਮੰਤਰੀ @JPDALALBJP ਦਾ ਧੰਨਵਾਦ।'
ਇਸ ਦੇ ਨਾਲ ਹੀ ਖੱਟਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਇਸ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਵਿੱਚ ਵਾਧਾ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਇੱਕ ਸਵਾਗਤਯੋਗ ਕਦਮ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਝੋਨੇ, ਕਣਕ, ਗੰਨੇ ਤੇ ਕਪਾਹ ਦੀ ਫ਼ਸਲ ਦਾ 75 ਫ਼ੀਸਦੀ ਤੋਂ ਵੱਧ ਨੁਕਸਾਨ ਹੋਣ 'ਤੇ ਮੁਆਵਜ਼ਾ ਰਾਸ਼ੀ ਵਧਾ ਕੇ 15,000 ਰੁਪਏ ਪ੍ਰਤੀ ਏਕੜ ਕਰਨ ਦਾ ਫ਼ੈਸਲਾ ਕੀਤਾ ਹੈ।
8 ਨਵੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ
ਝੋਨੇ ਦੀ ਖਰੀਦ ਸਬੰਧੀ ਚੌਟਾਲਾ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਕਾਰਨ ਖਰੀਦ ਕੁਝ ਦਿਨਾਂ ਲਈ ਰੋਕੀ ਗਈ ਸੀ ਪਰ ਇਹ 8 ਨਵੰਬਰ ਤੋਂ ਮੁੜ ਸ਼ੁਰੂ ਹੋ ਗਈ ਹੈ ਤੇ 15 ਨਵੰਬਰ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 2 ਨਵੰਬਰ, 2020 ਤੱਕ 50.30 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ, ਜਦਕਿ ਇਸ ਸਾਲ ਦੀ ਇਸੇ ਮਿਆਦ ਵਿੱਚ 51.50 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਏਜੰਸੀਆਂ ਵੱਲੋਂ ਝੋਨਾ ਖਰੀਦ ਕੇ ਕਿਸਾਨਾਂ ਦੇ ਖਾਤਿਆਂ ਵਿੱਚ 8900 ਕਰੋੜ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਹੁਣ ਉਪ ਮੁੱਖ ਮੰਤਰੀ ਰੰਧਾਵਾ ਦੇ ਜਵਾਈ ਨੂੰ ਬਣਾਇਆ ਏਏਜੀ, ਵਿਰੋਧੀਆਂ ਦਾ ਸਵਾਲ, 'ਲੱਖਾਂ ਬੇਰੁਜ਼ਗਾਰਾਂ ਦੀ ਯਾਦ ਕਿਉਂ ਨਹੀਂ ਆਈ?'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/