ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਬਾਰਸ਼ ਹੋ ਰਹੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਪੰਜਾਬ(Punjab)ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਸੀ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ 3-4 ਦਿਨਾਂ ਦੌਰਾਨ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਉਧਰ, ਪੰਜਾਬ ਦੇ ਕਈ ਇਲਾਕਿਆਂ ਵਿੱਚ ਅਗੇਤਾ ਝੋਨਾ ਪੱਕ ਕੇ ਤਿਆਰ ਹੈ। ਇਸ ਲਈ ਬਾਰਸ਼ ਨਾਲ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਰਾਜਧਾਨੀ ਚੰਡੀਗੜ੍ਹ(chandigarh) ਵਿੱਚ ਸਭ ਤੋਂ ਵੱਧ ਮੀਂਹ 40.6 ਐਮਐਮ ਮੀਂਹ ਪਿਆ। ਇਸ ਤੋਂ ਬਾਅਦ ਬਠਿੰਡਾ ’ਚ 31.5 ਐਮਐਮ, ਪਟਿਆਲਾ ’ਚ 30.2 ਐਮਐਮ, ਮੁਹਾਲੀ ’ਚ 23 ਐਮਐਮ, ਲੁਧਿਆਣਾ ’ਚ 12.6 ਐਮਐਮ, ਅੰਮ੍ਰਿਤਸਰ ’ਚ 4.6 ਐਮਐਮ ਤੇ ਮੋਗਾ, ਕਪੂਰਥਲਾ ਸਣੇ ਹੋਰਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ। ਅੱਜ ਸਵੇਰੇ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ।
ਦੂਜੇ ਪਾਸੇ ਪੰਜਾਬ ਵਿੱਚ ਝੋਨੇ(peddy) ਦੀ ਫ਼ਸਲ ਦੀ ਵਾਢੀ ਤੋਂ ਪਹਿਲਾਂ ਪਏ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਇਸ ਨਾਲ ਜਿੱਥੇ ਖੇਤਾਂ ਵਿੱਚ ਤਿਆਰ ਖੜ੍ਹੀ ਫ਼ਸਲ ਦੀ ਵਾਢੀ ’ਚ ਦੇਰੀ ਹੋਵੇਗੀ, ਉੱਥੇ ਹੀ ਬਾਸਮਤੀ ਤੇ ਅਗੇਤੀ ਫ਼ਸਲ ਬੀਜਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਵਧੇਰੇ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਲਗਪਗ ਤਿਆਰ ਹੋਣ ਕੱਢੇ ਪਹੁੰਚ ਗਈ ਹੈ ਤੇ ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਇਸ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਝੋਨੇ ਦੀ ਵਾਢੀ ਤੋਂ ਪਹਿਲਾਂ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੀਂਹ ਨਾਲ ਫ਼ਸਲ ਦੇ ਦਾਣੇ ’ਤੇ ਵੀ ਅਸਰ ਪਵੇਗਾ ਤੇ ਖੇਤਾਂ ’ਚ ਤਿਆਰ ਹੋਣ ਕੰਢੇ ਖੜੀ ਫ਼ਸਲ ਦੀ ਵਾਢੀ ਵਿੱਚ ਵੀ ਦੇਰੀ ਹੋਵੇਗੀ।
ਇਸ ਤੋਂ ਇਲਾਵਾ ਸਰਦੀਆਂ ਦੀਆਂ ਫ਼ਸਲਾਂ ਦੀ ਬਿਜਾਈ ਵੀ ਕੁਝ ਦਿਨ ਰੁਕ ਕੇ ਕਰਨੀ ਪਵੇਗੀ। ਬਾਸਮਤੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੇ ਪਟਿਆਲਾ ਦੇ ਰਾਜਪੁਰਾ, ਅੰਮ੍ਰਿਤਸਰ, ਤਰਨ ਤਾਰਨ ਤੇ ਹੋਰ ਇਲਾਕਿਆਂ ਦੀਆਂ ਮੰਡੀਆਂ ਵਿੱਚ ਬਾਸਮਤੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਸ ਮੀਂਹ ਤੋਂ ਬਾਅਦ ਬਾਸਮਤੀ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ, ਜਿਸ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਸਕਦਾ ਹੈ।