Horticulture next goal of Punjab:  ਅਬੋਹਰ : ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।


ਸਿਟਰਸ ਅਸਟੇਟ ਅਬੋਹਰ ਵਿਖੇ ਕਿਨੂੰ ਬਾਗ਼ਬਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਸਰਕਾਰ ਕਿੰਨੂ ਬਾਗ਼ਬਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ। ਕੈਬਨਿਟ ਮੰਤਰੀ ਨੇ ਕਿੰਨੂ ਬਾਗ਼ਬਾਨਾਂ ਦੀਆਂ ਮੰਡੀਕਰਨ ਸਬੰਧੀ ਸਮੱਸਿਆਵਾਂ ਬਾਰੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਮੌਕੇ 'ਤੇ ਹੀ ਹਦਾਇਤ ਕੀਤੀ ਕਿ ਮੰਡੀ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ।


ਜੇਕਰ ਮੰਡੀ ਵਿੱਚ ਕੋਈ ਪੂਲ ਕਰਕੇ ਕਿਸਾਨਾਂ ਨੂੰ ਉਚਿਤ ਕੀਮਤ ਮਿਲਣ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਹਦਾਇਤ ਕੀਤੀ ਕਿ ਕਿੰਨੂ ਮੰਡੀ ਵਿੱਚ ਆਉਣ ਵਾਲੇ ਹਰੇਕ ਕਿਸਾਨ ਨੂੰ ਫ਼ਸਲ ਵਿਕਰੀ ਤੋਂ ਬਾਅਦ ਜੇ-ਫਾਰਮ ਜਾਰੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।


ਕੈਬਨਿਟ ਮੰਤਰੀ ਨੇ ਜ਼ਿਲ੍ਹੇ ਦੇ ਬਾਗ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੂਹਾਂ ਵਿੱਚ ਬਾਗ਼ਬਾਨੀ ਕਰਨ ਅਤੇ ਆਪਣੇ ਫਲਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਲਈ ਸਾਂਝੇ ਉਪਰਾਲੇ ਕਰਨ ਤਾਂ ਜੋ ਉਨ੍ਹਾਂ ਦੀ ਆਮਦਨ ਵੱਧ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਸਬਸਿਡੀ ਦੇਣ ਤੋਂ ਇਲਾਵਾ ਹੋਰ ਹਰ ਪ੍ਰਕਾਰ ਦੀ ਸੰਭਵ ਮਦਦ ਕੀਤੀ ਜਾਵੇਗੀ।


 ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਕਿਹਾ ਕਿ ਬਾਗ਼ਬਾਨੀ ਲਈ ਨਹਿਰੀ ਪਾਣੀ ਬਹੁਤ ਜ਼ਰੂਰੀ ਹੈ ਅਤੇ ਸੂਬਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕਿੰਨੂ ਬਾਗ਼ਬਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਸਮੇਂ ਅਨੁਸਾਰ ਪੂਰਾ ਪਾਣੀ ਨਹਿਰਾਂ ਦੀਆਂ ਟੇਲਾਂ ਤੱਕ ਪਹੁੰਚੇ।


ਉਨਾਂ ਕਿਸਾਨਾਂ ਨੂੰ ਵੀ ਸੁਝਾਅ ਦਿੱਤਾ ਕਿ ਉਹ ਬਾਗ਼ਾਂ ਵਿੱਚ ਤੁਪਕਾ ਸਿੰਜਾਈ ਪ੍ਰਣਾਲੀ ਨੂੰ ਅਪਣਾਉਣ ਤਾਂ ਜੋ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤ ਬਚ ਸਕਣ।


ਉਨ੍ਹਾਂ ਭਰੋਸਾ ਦਿੱਤਾ ਕਿ ਬਾਗ਼ਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦੀ ਮੁੜ ਤੋਂ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਨਵੀਆਂ ਲੋੜਾਂ ਅਨੁਸਾਰ ਕਿਸਾਨਾਂ ਨੂੰ ਜ਼ਿਆਦਾ ਸਬਸਿਡੀ ਦਿੱਤੀ ਜਾ ਸਕੇ। ਇਸ ਤੋਂ ਬਿਨਾਂ ਨਵੀਆਂ ਜ਼ਰੂਰਤਾਂ ਅਨੁਸਾਰ ਹੋਰ ਸਕੀਮਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਫਲਾਂ ਦੀ ਸਟੋਰੇਜ ਲਈ ਪੰਜਾਬ ਸਰਕਾਰ ਕੋਲਡ ਸਟੋਰ ਬਣਾਉਣ 'ਤੇ 40 ਫ਼ੀਸਦੀ ਸਬਸਿਡੀ ਦੇ ਰਹੀ ਹੈ।


ਅਜਿਹਾ ਕਰਨ ਨਾਲ ਕਿਸਾਨ ਸਵੈ ਮੰਡੀਕਰਨ ਲਈ ਅੱਗੇ ਆ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਦੇ ਹਨ। ਉਨ੍ਹਾਂ ਨੇ ਪੰਜਾਬ ਐਗਰੋ ਦੀ ਜੂਸ ਫੈਕਟਰੀ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਕਿਸਾਨਾਂ ਨੂੰ ਦੇਣ ਲਈ ਉਪਰਾਲੇ ਵਿੱਢਣ ਦਾ ਭਰੋਸਾ ਦਿੱਤਾ।


ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਕਿੰਨੂ ਦੇ ਬਾਗ਼ਾਂ ਵਿੱਚ ਤੁਪਕਾ ਸਿੰਜਾਈ ਲਈ ਬਣੀਆਂ ਡਿੱਗੀਆਂ 'ਤੇ ਸੋਲਰ ਪੰਪ ਸਿਸਟਮ ਲਗਾਉਣ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ।


ਇਸ ਪਿੱਛੋਂ ਉਨ੍ਹਾਂ ਨੇ ਕਿੰਨੂ ਦੇ ਬਾਗ਼ਾਂ ਦਾ ਨਿਰੀਖਣ ਵੀ ਕੀਤਾ ਅਤੇ ਕਿਸਾਨਾਂ ਤੋਂ ਫਸਲ ਦੀ ਸਥਿਤੀ ਬਾਰੇ ਜਾਣਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਵਾਰ ਦਿੱਤੇ ਗਏ ਨਿਯਮਿਤ ਅਤੇ ਪੂਰੇ ਨਹਿਰੀ ਪਾਣੀ ਕਾਰਨ ਕਿਨੂੰ ਦੀ ਬੰਪਰ ਫਸਲ ਹੋਈ ਹੈ। ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਡੀਕਰਨ ਸਬੰਧੀ ਸਮੱਸਿਆਵਾਂ ਦਾ ਵੀ ਸਥਾਈ ਹੱਲ ਕੀਤਾ ਜਾਵੇਗਾ