Agriculture - ਸਾਉਣ ਮਹੀਨੇ ਭਰ ਬਰਸਾਤ ਹੁੰਦੀ ਹੈ ਪਰ ਭਾਦੋਂ ਦੇ ਮਹੀਨੇ ਵੀ ਵਰਖਾ ਹੋਣੀ ਬਹੁਤ ਜ਼ਰੂਰੀ ਹੈ। ਭਾਦੋਂ ਦਾ ਮਹੀਨਾ ਬਾਕੀ ਸਾਰੇ ਮਹੀਨਿਆਂ ਨਾਲੋਂ ਬਿਲਕੁਲ ਵੱਖਰਾ ਹੈ। ਇਸ ਮਹੀਨੇ ਜੇ ਮੀਂਹ ਪੈ ਰਿਹਾ ਹੋਵੇ ਜਾਂ ਹਵਾ ਵਗਦੀ ਹੋਵੇ ਤਾਂ ਮੌਸਮ ਸੋਹਣਾ ਲਗਦਾ ਹੈ ਪਰ ਜਦੋਂ ਧੁੱਪ ਚਮਕਦੀ ਹੋਵੇ ਤੇ ਹਵਾ ਬੰਦ ਹੋਵੇ ਤਾਂ ਅਜੇਹਾ ਹੜੁੰਮ ਪੈਂਦਾ ਹੋ ਜਾਂਦਾ ਹੈ ਕਿ ਘਬਰਾਹਟ ਹੋਣ ਲੱਗਦੀ ਹੈ। ਅਜਿਹੇ ਮੌਸਮ ਵਿਚ ਜੇ ਖੇਤਾਂ ਵਿਚ ਕੰਮ ਕਰਨਾ ਪਵੇ ਤਾਂ ਘਬਰਾ ਕੇ ਕਈ ਵਾਰ ਕਿਸਾਨ ਖੇਤੀ ਛੱਡਣ ਲਈ ਤਿਆਰ ਹੋ ਜਾਂਦਾ ਹੈ। ਭਾਦੋਂ ਦੇ ਦਿਨਾਂ ਵਿੱਚ ਬਹੁਤਾ ਕੰਮ ਨਹੀਂ ਹੁੰਦਾ।


ਇਹ ਮੌਸਮ ਨਵੇਂ ਰੁੱਖ ਲਾਉਣ ਲਈ ਬਹੁਤ ਢੁੱਕਵਾਂ ਹੈ। ਪੰਜਾਬ ਵਿਚ ਰੁੱਖਾਂ ਦੀ ਬਹੁਤ ਘਾਟ ਹੈ। ਸਾਨੂੰ ਸਾਰਿਆਂ ਨੂੰ ਨਵੇਂ ਰੁੱਖ ਲਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰੇਕ ਕਿਸਾਨ ਨੂੰ ਘੱਟੋ-ਘੱਟ ਦੋ ਰੁੱਖ ਨਵੇਂ ਲਾਉਣੇ ਚਾਹੀਦੇ ਹਨ। ਹੁਣ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਲਾਉਣ ਲਈ ਵੀ ਢੁੱਕਵਾਂ ਸਮਾਂ ਹੈ। ਰੁੱਖ ਲਾਉਣ ਲਈ ਹੁਣ ਸਫ਼ੈਦਾ, ਟਾਹਲੀ, ਤੂਤ, ਕਿੱਕਰ, ਡੇਕ, ਟੀਕ, ਸਾਗਵਾਨ, ਤੁੰਣ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ।


 ਪਿਆਜ਼ ਦੀ ਕਾਸ਼ਤ ਭਾਦੋਂ ਵਿਚ ਵੀ ਕੀਤੀ ਜਾ ਸਕਦੀ ਹੈ। ਜੇ ਪਨੀਰੀ ਤਿਆਰ ਹੈ ਤਾਂ ਖੇਤ ਵਿਚ ਲਾਉਣ ਲਈ ਇਹ ਢੁੱਕਵਾਂ ਸਮਾਂ ਹੈ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਸਬਜ਼ੀਆਂ ਦੀ ਕਾਸ਼ਤ ਅਤੇ ਰੁੱਖ ਲਾਉਣ ਲਈ ਕਰੋ।


ਸਬਜ਼ੀਆਂ ਦੀ ਬਿਜਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਘਰ ਦੀ ਤਾਜ਼ੀ ਸਬਜ਼ੀ ਵਿਚ ਹੀ ਪੂਰੇ ਖ਼ੁਰਾਕੀ ਤੱਤ ਹੁੰਦੇ ਹਨ ਜਦਕਿ ਬਾਜ਼ਾਰ ਦੀਆਂ ਗੰਦੀਆਂ ਸਬਜ਼ੀਆਂ ਤਾਂ ਬਿਮਾਰੀ ਵਿਚ ਵਾਧਾ ਕਰਦੀਆਂ ਹਨ। ਬੈਂਗਣਾਂ ਦੀ ਪਨੀਰੀ ਤਿਆਰ ਹੋ ਗਈ ਹੋਵੇਗੀ , ਉਸ ਨੂੰ ਪੁੱਟ ਕੇ ਖੇਤ ਵਿਚ ਲਾਉਣ ਲਈ ਇਹ ਢੁਕਵਾਂ ਸਮਾਂ ਹੈ। ਇਸੇ ਤਰ੍ਹਾਂ ਟਮਾਟਰਾਂ ਦੀ ਪਨੀਰੀ ਵੀ ਤਿਆਰ ਹੋ ਗਈ ਹੋਵੇਗੀ। ਉਸ ਨੂੰ ਪੁੱਟ ਕੇ ਖੇਤ ਵਿਚ ਲਾਉਣ ਦਾ ਹੁਣ ਢੁੱਕਵਾਂ ਸਮਾਂ ਹੈ।


ਜੇ ਭਾਰੀ ਮੀਂਹ ਪੈ ਜਾਵੇ ਤਾਂ ਝੋਨੇ ਤੋਂ ਬਗ਼ੈਰ ਹੋਰ ਕਿਸੇ ਫ਼ਸਲ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜੇ ਮੀਂਹ ਨਹੀਂ ਪੈਂਦਾ ਤਾਂ ਫ਼ਸਲਾਂ ਨੂੰ ਪਾਣੀ ਦੇਵੋ। ਫ਼ਸਲਾਂ ਵਿਚ ਨਦੀਨ ਨਾ ਹੋਣ ਦਿੱਤੇ ਜਾਣ। ਜੇ ਕਿਸੇ ਬਿਮਾਰੀ ਜਾਂ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਮਾਹਿਰ ਨਾਲ ਸੰਪਰਕ ਕਰੋ। ਉਸੇ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਸਾਉਣੀ ਦੀਆਂ ਫ਼ਸਲਾਂ ਨੂੰ ਨਾਈਟ੍ਰੋਜਨ ਵਾਲੀ ਖਾਦ ਜਾਂ ਯੂਰੀਆ ਲੋੜ ਤੋਂ ਵੱਧ ਨਾ ਪਾਇਆ ਜਾਵੇ। ਇਸ ਨਾਲ ਫ਼ਸਲ ਢਹਿ ਵੀ ਸਕਦੀ ਹੈ ਜਾਂ ਕੀੜਿਆਂ ਦਾ ਵਧੇਰੇ ਹਮਲਾ ਹੋ ਸਕਦਾ ਹੈ। ਕਮਾਦ ਨੂੰ ਢਹਿਣ ਤੋਂ ਬਚਾਉਣ ਲਈ ਇਸ ਦੇ ਮੂੰਹੇ ਬੰਨ੍ਹ ਦੇਣੇ ਚਾਹੀਦੇ ਹਨ। ਹਰੇ ਚਾਰੇ ਦੇ ਖ਼ਾਲੀ ਹੋਏ ਖੇਤਾਂ ਵਿਚ ਮੁੜ ਹਰੇ ਚਾਰੇ ਦੀ ਬਿਜਾਈ ਕਰੋ ਤਾਂ ਜੋ ਇਸ ਦੀ ਘਾਟ ਨਾ ਆ ਸਕੇ। ਹੁਣ ਮੱਕੀ ਤੇ ਬਾਜਰਾ ਬੀਜਿਆ ਜਾ ਸਕਦਾ ਹੈ।