ਨਵੀਂ ਦਿੱਲੀ: ਤਾਲਿਬਾਨ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ ਦਾ ਕੰਧਾਰ ਸੂਬਾ ਫਲਾਂ ਅਤੇ ਸੁੱਕੇ ਮੇਵਿਆਂ ਲਈ ਜਾਣਿਆ ਜਾਂਦਾ ਹੈ ਪਰ ਹੁਣ ਉਸਦੀ ਇਸ ਪਛਾਣ 'ਤੇ ਸੰਕਟ ਮੰਡਰਾ ਰਿਹਾ ਹੈ।ਇਸ ਦਾ ਮੁੱਖ ਕਾਰਨ ਰਾਜ ਵਿੱਚ ਪਾਣੀ ਦੀ ਕਿਲੱਤ ਹੈ ਅਤੇ ਸੌਕਾ ਹੈ।ਅਜਿਹੇ ਵਿੱਚ ਕਿਸਾਨ ਅਨਾਰ ਅਤੇ ਹੋਰ ਫਲਾਂ ਦੀ ਥਾਂ ਹੁਣ ਅਫੀਮ ਦੀ ਖੇਤੀ ਵੱਲ ਨੂੰ ਰੁਖ ਕਰ ਰਹੇ ਹਨ।


ਅੰਗ੍ਰੇਜ਼ੀ ਅਖ਼ਬਾਰ 'ਦਿ ਨਿਊਯਾਰਕ ਟਾਇਮਜ਼' ਦੇ ਅਨੁਸਾਰ ਹੁਣ ਤੱਕ ਅਨਾਰਾਂ ਦੀ ਖੇਤੀ ਕਰਨ ਵਾਲੇ ਅਬਦੁਲ ਹਾਮਿਦ ਨੇ ਕਿਹਾ ਕਿ ਨਦੀਆਂ ਵਿੱਚ ਪਾਣੀ ਸੁਕ ਚੁੱਕਾ ਹੈ।ਅਜਿਹੇ ਸਮੇਂ ਫਲਾਂ ਵਿੱਚ ਫਾਇਦਾ ਨਹੀਂ ਬਚਿਆ।ਇਸਦੇ ਨਾਲ ਹੀ ਤਾਲਿਬਾਨ ਨਾਲ ਚੱਲ ਰਹੇ ਲੰਬੇ ਸੰਘਰਸ਼ ਕਾਰਨ ਉਨ੍ਹਾਂ ਦੇਸ਼ ਦੇ ਬਾਹਰ ਫਲ ਨਹੀਂ ਜਾਣ ਦਿੱਤੇ।ਹਾਮਿਦ ਨੇ ਕਿਹਾ ਕਿ ਕੁੱਲ ਮਿਲਾਕੇ ਬਰਬਾਦੀ ਹੀ ਉਨ੍ਹਾਂ ਦੇ ਹਿੱਸੇ ਆਈ ਹੈ।ਅਜਿਹੇ ਵਿੱਚ ਅਸੀਂ ਨਵੀਂ ਖੇਤੀ ਵੱਲ ਨੂੰ ਕਦਮ ਵਧਾ ਦਿੱਤਾ ਹੈ।


ਹਾਮਿਦ ਨੇ ਆਪਣੇ ਬਾਗ਼ ਵਿੱਚੋਂ 800 ਨਾਲੋਂ ਵੱਧ ਅਨਾਰਾਂ ਦੇ ਬੂਟੇ ਵੱਢ ਸੁੱਟੇ ਹਨ।ਉਸਨੇ ਕਿਹਾ ਕਿ ਸੌਕੇ ਨੇ ਅਨੁਮਾਨ ਨਾਲ ਵਧੇਰੇ ਪਰੇਸ਼ਾਨੀਆਂ ਵੱਧਾ ਦਿੱਤੀਆਂ ਹਨ।ਬਾਰਿਸ਼ ਦੀ ਘਾਟ ਅਤੇ ਘੱਟਦੇ ਪਾਣੀ ਨੇ ਸਾਲ ਅੰਦਰ ਹੀ ਖੇਤਾਂ ਦੀ ਸਿੰਚਾਈ ਕਰਨਾ ਅਸੰਭਵ ਕਰ ਦਿੱਤਾ ਹੈ।ਬਾਗ਼ ਦੇ ਬਹੁਤ ਸਾਰੇ ਬੂਟੇ ਤਾਂ ਪਾਣੀ ਦੀ ਘਾਟ ਕਾਰਨ ਸੁੱਕ ਚੁੱਕੇ ਹਨ।


ਤਾਲਿਬਾਨ ਨਾਲ ਲੜਾਈ ਦੇ ਚਲਦੇ ਬੀਤੇ ਇੱਕ ਸਾਲ ਤੋਂ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਵੀ ਨਹੀਂ ਮਿਲੀ ਹੈ।ਅਜਿਹੇ ਵਿੱਚ ਉਨ੍ਹਾਂ ਨੂੰ ਸਿਰਫ ਅਫੀਮ ਦੀ ਖੇਤੀ ਕਰਨ ਵਿੱਚ ਹੀ ਫਾਇਦਾ ਦਿਖ ਰਿਹਾ ਹੈ।ਹਾਮਿਦ ਵਾਂਗ ਹੋਰ ਕਿਸਾਨ ਵੀ ਅਫੀਮ ਦੀ ਖੇਤੀ ਕਰਨ ਲਈ ਆਪਣੇ ਫਲਾਂ ਦੇ ਬਾਗ ਉਜਾੜ ਰਹੇ ਹਨ।


ਸੰਯੁਕਤ ਰਾਸ਼ਟਰ ਮੁਤਾਬਿਕ ਦੁਨਿਆ ਦੀ 80 ਫੀਸਦ ਤੋਂ ਜ਼ਿਆਦਾ ਅਫੀਮ ਅਫਗਾਨਿਸਤਾਨ ਵਿੱਚ ਪੈਦਾ ਹੁੰਦੀ ਹੈ।ਤਾਲਿਬਾਨ ਦੇ ਸੱਤਾ ਤੇ ਕਬਜ਼ੇ ਮਗਰੋਂ ਇਸ ਦੀ ਪੈਦਾਵਾਰ ਵੀ ਵਧੀ ਹੈ।ਲਗਾਤਾਰ ਪੰਜਵੇਂ ਸਾਲ ਇਸਦਾ ਉਤਪਾਦਨ ਵੱਧਕੇ 6800 ਟਨ ਹੋ ਗਿਆ ਹੈ।ਇਸ ਸਾਲ 8% ਦਾ ਵਾਧਾ ਦਰਜ ਕੀਤਾ ਗਿਆ।