ਬਟਾਲਾ - ਕਣਕ ਦਾ ਵੱਧ ਝਾੜ ਲੈਣ ਲਈ ਇਸ ਦੀ ਬਿਜਾਈ ਸਮੇਂ ਠੰਡੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਵਧੀਆ ਫੁਟਾਰੇ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀ ਹੈ।


ਬਲਾਕ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਕਣਕ ਦੀ ਬਿਜਾਈ ਸਮੇਂ ਸਿਰ ਭਾਵ 25 ਅਤਕੂਬਰ ਤੋਂ ਕੀਤੀ ਜਾ ਸਕਣ ਵਾਲੀ ਬਿਜਾਈ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੀ ਬੀ ਡਬਲਯੂ 621, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਐਚ ਡੀ 2967, ਡਬਲਯੂ ਐਚ 1105 ਅਤੇ ਪੀ ਬੀ ਡਬਲਯੂ ਜ਼ਿੰਕ-1 ਦੀ ਸਿਫ਼ਾਰਸ਼ ਕੀਤੀ ਹੈ। ਜਦੋਂ ਕਿ ਕਿਸਾਨ, ਪੀ ਬੀ ਡਬਲਯੂ 550, ਉਨਤ ਪੀ ਬੀ ਡਬਲਯੂ 550 ਨੂੰ ਨਵੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਨਾ ਬੀਜਣ। ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਪਿਛੇਤੀਆਂ ਕਿਸਮਾਂ ਵਿੱਚ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਆਉਂਦੀਆਂ ਹਨ ਜਿਨਾਂ ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਕੀਤੀ ਜਾ ਸਕਦੀ ਹੈ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ ਜੇਕਰ 25 ਅਕਤੂਬਰ ਤੋਂ ਪਹਿਲਾਂ ਬੀਜ ਲਈਆਂ ਜਾਂਦੀਆਂ ਹਨ ਤਾਂ ਇਸ ਸਮੇਂ ਵੱਧ ਤਾਪਮਾਨ ਹੋਣ ਕਰਕੇ ਇਹਨਾਂ ਦਾ ਬੀਜ ਜੰਮਦਾ ਨਹੀਂ ਅਤੇ ਪੌਦਿਆਂ ਦੀ ਗਿਣਤੀ ਘਟਣ ਕਰਕੇ ਝਾੜ ਤੇ ਮਾੜਾ ਅਸਰ ਪੈਂਦਾ ਹੈ। ਫੁਟਾਰਾ ਘਟਣ ਕਰਕੇ ਫ਼ਸਲ ਛੇਤੀ ਸਿੱਟਿਆਂ ਤੇ ਆ ਜਾਂਦੀ ਹੈ, ਆਕਾਰ ਛੋਟਾ ਰਹਿ ਜਾਂਦਾ ਹੈ, ਛੇਤੀ ਸਿੱਟੇ ਬਣਨ ਕਰਕੇ ਇਸਦੀ ਕੋਰੇ ਦੀ ਮਾਰ ਹੇਠਾਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਸ ਕਰਕੇ ਸਿੱਟੇ ਖਾਲੀ ਰਹਿ ਜਾਂਦੇ ਹਨ।

ਖੇਤੀਬਾੜੀ ਅਧਿਕਾਰੀ ਡਾ. ਰਜਿੰਦਰ ਸਿੰਘ ਨੇ ਕਿਹਾ ਹੈ ਕਿ. ਕਿਸਾਨ ਵੀਰ ਕਣਕ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਹੀ ਕਰਨ ਅਤੇ ਚੰਗੀ ਫ਼ਸਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਣਕ ਦੀਆਂ ਸਿਫ਼ਾਰਸ਼ ਕਿਸਮਾਂ ਵਿੱਚੋਂ ਹੀ ਚੋਣ ਕਰਨ।