ਕੇਂਦਰ ਸਰਕਾਰ ਨੇ  ਕਿਸਾਨਾਂ ਦੀ ਆਮਦਨ ਵਧਾਉਣ ਲਈ ਨਵੀਂ ਰਾਹ ਲੱਭੀ ਹੈ। ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੇ ਇਹੋ ਜਿਹੀ ਫ਼ਸਲ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਨਾ-ਸਿਰਫ਼ ਜ਼ਮੀਨ ਨੂੰ ਹੋਰ ਜ਼ਰਖ਼ੇਜ਼ ਕਰੇਗੀ, ਸਗੋਂ ਕਿਸਾਨਾਂ ਦੀ ਆਮਦਨ  ਵਿੱਚ ਵੀ ਵਾਧਾ ਕਰੇਗੀ।


ਦੱਸ ਦਈਏ ਕਿ ਇਹ ਖੇਤੀ ‘ਕੰਡਿਆਂ ਤੋਂ ਬਿਨ੍ਹਾਂ ਥੋਹਰ ਦੀ ਹੈ। ਕੇਂਦਰ ਸਰਕਾਰ ਵੱਲੋਂ ਵਾਟਰਸ਼ੈੱਡ ਯੋਜਨਾ ਤਹਿਤ ਥੋਹਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਦੱਸਿਆ ਹੈ ਕਿ ਥੋਹਰ ਪ੍ਰੋਜੈਕਟ ਲਈ ਕੌਮਾਂਤਰੀ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਐਗਰੀਕਲਚਰ ਰਿਸਰਚ ਇਨ ਦਿ ਡ੍ਰਾਈ ਲੈਂਡ ਏਰੀਆਜ਼ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਤਜਰਬੇ ਦੇ ਤੌਰ ’ਤੇ ਇਸ ਦੀ ਖੇਤੀ ਜੋਧਪੁਰ, ਬੀਕਾਨੇਰ ਤੇ ਝਾਂਸੀ ਵਿਚ ਕਰਵਾਕੇ ਵੇਖੀ ਜਾ ਚੁੱਕੀ ਹੈ। ਹੁਣ ਇਸ ਨੂੰ 500 ਹੈਕਟੇਅਰ ਜ਼ਮੀਨ ਵਿਚ ਰਾਜਸਥਾਨ ਵਿਚ ਹੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਡਿਆਂ ਤੋਂ ਬਿਨ੍ਹਾਂ ਥੋਹਰ ਦੀ ਖੇਤੀ ਖੁਸ਼ਕ ਜਾਂ ਅਰਧ-ਖੁਸ਼ਕ ਜ਼ਮੀਨ ’ਤੇ ਕੀਤੀ ਜਾਂਦੀ ਹੈ। ਇਸ ਖੇਤੀ ਦੇ ਬਹੁਤ ਲਾਭ ਹਨ ਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ।


ਚਿਲੀ, ਬ੍ਰਾਜ਼ੀਲ, ਮੋਰੱਕੋ ਆਦਿ ਮੁਲਕਾਂ ਵਿਚ ਕੰਡਿਆਂ ਤੋਂ ਬਿਨ੍ਹਾਂ ਥੋਹਰ ਦੀ ਵਰਤੋਂ ਖਾਣਯੋਗ ਫਲ ਵਜੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਬਾਇਓ ਊਰਜਾ ਲਈ ਕੀਤੀ ਜਾ ਸਕਦੀ ਹੈ। ਇਸ ਵਿਚ 50 ਤੋਂ 93 ਫ਼ੀਸਦੀ ਮੀਥੇਨ ਗੈਸ ਹੁੰਦੀ ਹੈ। ਇਸ ਨਾਲ ਪੰਜ ਸਾਲਾਂ ਵਿਚ ਖ਼ੁਸ਼ਕ ਜਾਂ ਅਰਧ-ਖੁਸ਼ਕ ਜ਼ਮੀਨ ਪਹਿਲਾਂ ਦੇ ਮੁਕਾਬਲੇ ਜ਼ਰਖ਼ੇਜ਼ ਹੋ ਜਾਂਦੀ ਹੈ। ਇਸ ਵਿਚ 8 ਫ਼ੀਸਦੀ ਪੋਟਾਸ਼ ਹੁੰਦੀ ਹੈ।


ਇਸਤੋਂ ਇਲਾਵਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਬਾਇਓ ਲਿਕਵਡ ਫਰਟੀਲਾਈਜ਼ਰ ਬਣਾਉਣ ਲਈ ਇਹ ਬਿਲਕੁਲ ਸਹੀ ਹੈ । ਨਾਲ ਹੀ ਉਸ ਦੀ ਵਰਤੋਂ ਦਵਾਈਆਂ ਵਿਚ ਹੁੰਦੀ ਹੈ ਤੇ ਬਾਇਓ ਲੈਦਰ ਬਣਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਯਤਨ ਹਨ ਕਿ ਜਿਵੇਂ ਜਰਮਨੀ ਵਿਚ 30 ਫ਼ੀਸਦ ਬਦਲਵੀਂ ਊਰਜਾ ਖੇਤੀ ਅਧਾਰਤ ਹੋ ਚੁੱਕੀ ਹੈ, ਉਵੇਂ ਹੀ ਕੰਡਿਆਂ ਤੋਂ ਬਿਨ੍ਹਾਂ ਥੋਹਰ ਦੀ ਖੇਤੀ ਨੂੰ ਹੁਲਾਰਾ ਦੇ ਕੇ ਇਸ ਦੀ ਵਰਤੋਂ ਬਾਇਓ ਊਰਜਾ ਬਣਾਉਣ ਵਿਚ ਕੀਤੀ ਜਾਵੇ।