ਅਗਸਤ ਮਹੀਨੇ ਦਾ ਪਿਛਲਾ ਪੱਖ ਖੇਤੀਬਾੜੀ ਲਈ ਚੰਗਾ ਹੈ, ਖਾਸਕਰ ਫ਼ਲਦਾਰ ਪੌਦਿਆਂ ਲਈ ਬਹੁਤ ਹੀ ਚੰਗਾ ਹੈ। ਇਸ ਮਹੀਨੇ ਦੇ ਅੰਤ ਵਿੱਚ ਬਰਸਾਤ ਰੁੱਕ ਜਾਂਦੀ ਹੈ ਤੇ ਮਾਨਸੂਨ ਲਗਭੱਗ ਖਤਮ ਹੋ ਜਾਂਦਾ ਹੈ । ਇਹ ਨਵਾਂ ਮੌਸਮ ਨਵੇਂ ਰੁੱਖ ਲਾਉਣ ਲਈ ਬਹੁਤ ਢੁੱਕਵਾਂ ਹੈ। ਹਰੇਕ ਕਿਸਾਨ ਨੂੰ ਘੱਟੋ-ਘੱਟ ਦੋ ਰੁੱਖ ਨਵੇਂ ਲਾਉਣੇ ਚਾਹੀਦੇ ਹਨ। ਪੰਜਾਬ ’ਚ ਕਿੰਨੂੰ, ਅਮਰੂਦ, ਬੇਰ, ਅੰਬ, ਨਿੰਬੂ ਆਦਿ ਦੇ ਬੂਟੇ ਲਾਏ ਜਾ ਸਕਦੇ ਹਨ। ਇਹਨਾਂ ਫ਼ਲਦਾਰ ਬੂਟਿਆਂ ਦੀਆਂ ਕਿਸਮਾਂ ਅਤੇ ਢੁਕਵਾਂ ਸਮਾਂ ਕੁਝ ਇਸ ਤਰ੍ਹਾਂ ਹੈ -
ਇਸ ਮਹੀਨੇ ਅਮਰੂਦ ਦਾ ਫਲਦਾਰ ਬੂਟਾ ਲਾਇਆ ਜਾ ਸਕਦਾ ਹੈ। ਅਮਰੂਦ ਦੀ ਪੰਜਾਬ ’ਚ ਕਾਸ਼ਤ ਲਈ ਸ਼ਵੇਤਾ, ਪੰਜਾਬ ਪਿੰਕ, ਅਰਕਾ ਅਮੁਲਿਆ, ਸਰਦਾਰ, ਅਲਾਹਾਬਾਦ ਸਫ਼ੈਦਾ, ਪੰਜਾਬ ਸਫ਼ੈਦਾ ਅਤੇ ਪੰਜਾਬ ਕਿਰਨ ਆਦਿ ਕਿਸਮਾਂ ਹਨ। ਅੰਬ ਦੀ ਪੰਜਾਬ ’ਚ ਕਾਸ਼ਤ ਲਈ ਅਲਫ਼ੈਜ਼ੋਂ, ਦੁਸਹਿਰੀ ਅਤੇ ਲੰਗੜਾ ਕਿਸਮਾਂ ਦੀ ਹਨ। । ਬੇਰਾਂ ਅਤੇ ਜਾਮਣਾਂ ਨੂੰ ਵੀ ਕਾਸ਼ਤ ਕਰ ਸਕਦੇ ਹੋ ਕਿਉਂਕਿ ਇਹ ਰੁੱਖ ਆਮ ਹੁੰਦੇ ਸਨ। ਹੁਣ ਇਹ ਦੋਵੇਂ ਫਲ ਸਭ ਤੋਂ ਵੱਧ ਮਹਿੰਗੇ ਹਨ। ਇਨ੍ਹਾਂ ਦੋਵਾਂ ਫਲਾਂ ’ਚ ਬਹੁਤ ਖ਼ੁਰਾਕੀ ਤੱਤ ਹੁੰਦੇ ਹਨ। ਜਾਮਣ ਦੀ ਕੋਈ ਕਿਸਮ ਵਿਕਸਤ ਨਹੀਂ ਹੋਈ। ਇਸ ਕਰਕੇ ਵਧੀਆ ਜਾਮਣਾਂ ਦੀਆਂ ਗਿਟਕਾਂ ਤੋਂ ਬੂਟੇ ਬਣਾਏ ਜਾ ਸਕਦੇ ਹਨ।
ਬੇਰਾਂ ਦੀਆਂ ਵਲੈਤੀ, ਉਮਰਾਨ, ਸਨੋਰ-2 ਕਿਸਮਾਂ ਹਨ। ਲੀਚੀ ਦੇ ਬੂਟੇ ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹਿਆਂ ’ਚ ਸਫਲਤਾ ਨਾਲ ਲਾਏ ਜਾ ਸਕਦੇ ਹਨ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈੱਸ ਲੇਟ ਵਧੀਆ ਕਿਸਮਾਂ ਹਨ। ਇਹ ਬੂਟੇ ਗਰਮੀ ਘੱਟ ਹੋਣ ’ਤੇ ਸਤੰਬਰ ਦੇ ਮਹੀਨੇ ਲਾਏ ਜਾਂਦੇ ਹਨ। ਚੀਕੂ ਦਾ ਬੂਟਾ ਵੀ ਘਰ ਬਗੀਚੀ ’ਚ ਲਾਇਆ ਜਾ ਸਕਦਾ ਹੈ। ਕਾਲੀਪੱਤੀ ਤੇ ਕ੍ਰਿਕਟ ਬਾਲ ਕਿਸਮਾਂ ਹਨ। ਲੁਕਾਠ ਦਾ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ। ਕੈਲੇਫੋਰਨੀਆਂ ਐਡਵਾਂਸ, ਗੋਲਡਨ ਯੈਲੋ ਅਤੇ ਪੇਲ ਯੈਲੋ ਇਸਦੀਆਂ ਕਿਸਮਾਂ ਹਨ। ਬਿਲ ਦਾ ਰਸ ਪੀਣ ਲਈ ਵਰਤਿਆ ਜਾਂਦਾ ਹੈ। ਉਮੀਦ ਹੈ ਇਸ ਵਾਰ ਤੁਸੀਂ ਫਲਾਂ ਦੇ ਕੁਝ ਬੂਟੇ ਜ਼ਰੂਰ ਲਾਓਗੇ ਕਿਉਂਕਿ ਜਿੱਥੇ ਤਾਜ਼ੇ ਫਲ ਪੂਰਾ ਸੁਆਦ ਦਿੰਦੇ ਹਨ, ਉੱਥੇ ਇਨ੍ਹਾਂ ’ਚ ਪੂਰੇ ਖ਼ੁਰਾਕੀ ਗੁਣ ਵੀ ਹੁੰਦੇ ਹਨ। ਬਾਜ਼ਾਰ ’ਚੋਂ ਮਹਿੰਗੇ ਫਲ ਖ਼ਰੀਦ ਕੇ ਖਾਣੇ ਔਖੇ ਜਾਪਦੇ ਹਨ। ਆਪਣੇ ਘਰ ਬੂਟੇ ਲਾਓ, ਤਾਜ਼ੇ ਫਲ ਖਾਵੋ ਤੇ ਸਿਹਤ ਬਣਾਓ ।
Fruits and Vegetable - ਇਸਤੋਂ ਇਲਾਵਾ ਬੈਂਗਣਾਂ ਦੀ ਪਨੀਰੀ ਤਿਆਰ ਹੋ ਗਈ ਹੈ ,ਉਸ ਨੂੰ ਖੇਤ ’ਚ ਲਗਾਉਣ ਲਈ ਇਹ ਢੁੱਕਵਾਂ ਸਮਾਂ ਹੈ। ਪੰਜਾਬ ਨੀਲਮ, ਪੀਬੀਐੱਚਆਰ-41, ਪੀਬੀਐੱਚਆਰ-42 ਤੇ ਬੀਐੱਚ-2 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ ਜਦਕਿ ਪੰਜਾਬ ਰੌਣਕ, ਪੰਜਾਬ ਬਰਸਾਤੀ, ਪੀਬੀਐੱਚ-4, ਪੀਬੀਐੱਚ-5 ਤੇ ਪੰਜਾਬ ਸਦਾਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀਬੀਐੱਚ-3 ਅਤੇ ਪੰਜਾਬ ਨਗੀਨਾ ਬੈਂਗਣੀ (ਛੋਟੇ ਬੈਂਗਣ) ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ 270 ਕੁਇੰਟਲ ਪੀਬੀਐੱਚ -4 ਕਿਸਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਟਮਾਟਰਾਂ ਦੀ ਪਨੀਰੀ ਵੀ ਤਿਆਰ ਹੋ ਗਈ ਹੋਵੇਗੀ। ਉਸ ਨੂੰ ਵੀ ਖੇਤ ’ਚ ਲਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਇਸ ਮੌਸਮ ’ਚ ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2 ਜਾਂ ਪੰਜਾਬ ਵਰਖਾ ਬਹਾਰ-4 ਕਿਸਮ ਦੀ ਕਾਸ਼ਤ ਕਰੋ। ਪੰਜਾਬ ਵਰਖਾ ਬਹਾਰ-4 ਕਿਸਮ ਤੋਂ 250 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਬੂਟੇ ਲਾਉਣ ਸਮੇਂ ਲਾਈਨਾਂ ਵਿਚਕਾਰ 120 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਮਾਟਰਾਂ ਦੀਆਂ ਦੋਗਲੀਆਂ ਕਿਸਮਾਂ ਪੀਟੀਐੱਚ-2 ਅਤੇ ਟੀਐੱਚ-1 ਵੀ ਤਿਆਰ ਕੀਤੀਆਂ ਗਈਆਂ ਹਨ। ਸਬਜ਼ੀਆਂ ਦੀ ਕਾਸ਼ਤ ਲਈ ਰੂੜੀ ਦੀ ਖਾਦ ਵਧੇਰੇ ਢੁੱਕਵੀਂ ਹੈ।
ਔਲੇ ਦੀ ਵਰਤੋਂ ਆਚਾਰ ਤੇ ਮੁਰੱਬੇ ਦੇ ਰੂਪ ’ਚ ਹਰੇਕ ਘਰ ’ਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਦਵਾਈਆਂ ’ਚ ਵਰਤਿਆ ਜਾਂਦਾ ਹੈ। ਖ਼ਾਸ ਕਰਕੇ ਵਾਲਾਂ ਲਈ ਇਹ ਰਾਮਬਾਣ ਹੈ। ਇਸ ਦੇ ਬੂਟੇ ਸਾਰੇ ਸੂਬੇ ’ਚ ਲਾਏ ਜਾ ਸਕਦੇ ਹਨ। ਬਲਵੰਤ, ਨੀਲਮ ਤੇ ਕੰਚਨ ਇਸਦੀਆਂ ਕਿਸਮਾਂ ਹਨ।
ਗੋਭੀ ਦੀ ਮੁੱਖ ਫ਼ਸਲ ਲਾਉਣ ਲਈ ਢੁੱਕਵਾਂ ਸਮਾਂ ਹੈ। ਪੂਸਾ ਸਨੋਬਾਲ-1 ਤੇ ਪੂਸਾ ਸਨੋਬਾਲ ਕੇ-1 ਮੁੱਖ ਕਿਸਮਾਂ ਹਨ। ਬੂਟੇ ਲਾਉਣ ਸਮੇਂ ਲਾਈਨਾਂ ਵਿਚਕਾਰ ਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਗੋਭੀ ਲਈ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 40 ਟਨ ਵਧੀਆ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਵੇ। ਇਸ ਦੇ ਨਾਲ ਹੀ ਬਿਜਾਈ ਸਮੇਂ 55 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਏ ਜਾਣ। ਬੂਟੇ ਲਾਉਣ ਤੋਂ 40 ਦਿਨਾਂ ਪਿੱਛੋਂ ਇਕ ਗੋਡੀ ਜ਼ਰੂਰ ਕਰੋ ।