ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਝੋਨੇ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਸੂਬਾ ਤੇ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 'ਆਪ' ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲਾਂ ਹੀ ਵਿੱਤੀ ਸੰਕਟ ਦਾ ਸ਼ਿਕਾਰ ਕਿਰਸਾਨੀ ਸਰਕਾਰਾਂ ਦੀ ਮਦਦ ਬਗੈਰ ਉੱਭਰ ਨਹੀਂ ਸਕੇਗੀ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪੰਜਾਬ ਤੇ ਦੇਸ਼ ਦਾ ਕਿਸਾਨ ਨਾ ਸੂਬਾ ਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਏਜੰਡੇ 'ਤੇ ਹੈ।

ਦਰਅਸਲ ਤਾਜ਼ਾ ਖੁਲਾਸਾ ਹੋਇਆ ਹੈ ਕਿ ਇਸ ਵਾਰ ਪੰਜਾਬ ਵਿੱਚ ਝੋਨੇ ਦੇ ਝਾੜ ’ਚ ਰਿਕਾਰਡ ਕਮੀ ਆਈ ਹੈ। ਇਸ ਨਾਲ ਕਿਸਾਨਾਂ ਨੂੰ ਤਕਰੀਬਨ 4500 ਕਰੋੜ ਰੁਪਏ ਦੀ ਵਿੱਤੀ ਮਾਰ ਝੱਲਣੀ ਪੈ ਰਹੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਵਾਰੀ ਪ੍ਰਤੀ ਏਕੜ 4 ਤੋਂ 6 ਕੁਇੰਟਲ ਤੱਕ ਝਾੜ ਘਟ ਗਿਆ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਨਾਲ ਵੀ ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਵਿੱਚ ਜਿੱਥੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਇਸੇ ਤਰ੍ਹਾਂ ਘੱਗਰ ਦਰਿਆ ਦੀ ਮਾਰ ਨੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਵੀ ਭਾਰੀ ਨੁਕਸਾਨ ਕੀਤਾ ਸੀ।

ਪੰਜਾਬ ਵਿੱਚ ਇਸ ਵਾਰੀ 29 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ। ਖੇਤੀਬਾੜੀ ਵਿਭਾਗ ਮੁਤਾਬਕ ਤਕਰੀਬਨ ਪੰਜ ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਫ਼ਸਲ ਹੇਠ ਆਉਂਦਾ ਹੈ ਜਦੋਂਕਿ 24 ਲੱਖ ਦੇ ਕਰੀਬ ਰਕਬੇ ਵਿੱਚ ਝੋਨੇ ਦੀਆਂ ਆਮ ਕਿਸਮਾਂ ਦੀ ਕਾਸ਼ਤ ਕੀਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਦਾ ਭਾਅ 1835 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ। ਇਸ ਤਰ੍ਹਾਂ ਨਾਲ ਜੇ 4 ਤੋਂ 6 ਕੁਇੰਟਲ ਪ੍ਰਤੀ ਏਕੜ ਤੱਕ ਝੋਨੇ ਦਾ ਝਾੜ ਘਟਦਾ ਹੈ ਕਿ ਕਿਸਾਨਾਂ ਨੂੰ 4500 ਕਰੋੜ ਰੁਪਏ ਦੇ ਕਰੀਬ ਦਾ ਘਾਟਾ ਪਵੇਗਾ।

ਖੇਤੀਬਾੜੀ ਮਾਹਿਰਾਂ ਨੇ ਝੋਨੇ ਦੀ ਫ਼ਸਲ ਦਾ ਝਾੜ ਘਟਣ ਦਾ ਕਾਰਨ ਮੌਸਮ ਦੀਆਂ ਤਬਦੀਲੀਆਂ ਦੱਸਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰੀ ਮੌਨਸੂਨ ਦੀ ਆਮਦ ਮੱਠੀ ਰਹਿਣ ਕਾਰਨ ਮੁਢਲੇ ਦਿਨਾਂ ਵਿੱਚ ਹੀ ਝੋਨੇ ਦੀ ਫ਼ਸਲ ਇੱਕ ਤਰ੍ਹਾਂ ਨਾਲ ਸੋਕੇ ਦੀ ਮਾਰ ਹੇਠ ਆ ਗਈ ਤੇ ਕਿਸਾਨਾਂ ਨੂੰ ਫ਼ਸਲ ਪਾਲਣ ਲਈ ਡੀਜ਼ਲ ਵੀ ਜ਼ਿਆਦਾ ਫੂਕਣਾ ਪਿਆ। ਉਸ ਤੋਂ ਬਾਅਦ ਸਤੰਬਰ ਮਹੀਨੇ ਬੇਮੌਸਮੀ ਬਾਰਸ਼ ਕਾਰਨ ਝੋਨੇ ਦੀ ਫ਼ਸਲ ਨੂੰ ਪਿਆ ਬੂਰ ਝੜ ਗਿਆ। ਪੰਜਾਬ ਵਿੱਚ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਠੇਕੇ ’ਤੇ ਲੈ ਕੇ ਕਾਸ਼ਤ ਕੀਤੀ ਸੀ ਉਨ੍ਹਾਂ ਕਿਸਾਨਾਂ ਦੇ ਪੱਲੇ ਤਾਂ ਕੱਖ ਵੀ ਨਹੀਂ ਪਿਆ।