ਚੰਡੀਗੜ੍ਹ: ਖੇਤੀ ਕਰਨ ਦਾ ਢੰਗ ਸਿੱਖਣਾ ਹੈ ਤਾਂ ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਰਣਧੀਰ ਸਿੰਘ ਨੂੰ ਜ਼ਰੂਰ ਮਿਲੇ। ਰਣਧੀਰ ਸਿੰਘ ਪਿਛਲੇ ਲਗਭਗ 23 ਸਾਲਾਂ ਤੋਂ ਰਵਾਇਤੀ ਖੇਤੀ ਦੀ ਥਾਂ ਫ਼ਸਲੀ ਵਿਭਿੰਨਤਾ ਅਪਣਾ ਕੇ ਚੰਗੀ ਕਮਾਈ ਕਰ ਰਿਹਾ ਹੈ। ਉਸ ਦਾ ਤਕਨੀਕ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੀ ਬਰਕਾਰ ਰਹਿੰਦੀ ਹੈ ਤੇ ਖੇਤੀ ਉਤਪਾਦ ਵੀ ਜ਼ਹਿਰ ਰਹਿਤ ਹੁੰਦੇ ਹਨ।

ਦਰਅਸਲ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦਾ ਕਿਸਾਨ ਰਣਧੀਰ ਸਿੰਘ ਆਪਣੀ 17 ਕਿੱਲੇ ਜ਼ਮੀਨ ਵਿੱਚੋਂ ਪਿਛਲੇ ਲਗਭਗ 23 ਸਾਲਾਂ ਤੋਂ 5 ਕਿੱਲਿਆਂ ਵਿੱਚ ਜੈਵਿਕ ਖੇਤੀ ਕਰ ਰਿਹਾ ਹੈ। ਜੈਵਿਕ ਖੇਤੀ ਹੋਣ ਕਾਰਨ ਉਸ ਦੀ ਫ਼ਸਲ ਬਾਜ਼ਾਰ ਦੇ ਭਾਅ ਨਾਲੋਂ 700 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਵਿਕਦੀ ਹੈ। ਜਿਥੇ ਇਹ ਕਿਸਾਨ ਜੈਵਿਕ ਖੇਤੀ ਕਰਕੇ ਵੱਧ ਮੁਨਾਫ਼ਾ ਕਮਾ ਰਿਹਾ ਹੈ, ਉੱਥੇ ਹੀ ਜ਼ਹਿਰ ਰਹਿਤ ਉਪਜ ਪੈਦਾ ਕਰਕੇ ਲੋਕਾਂ ਨੂੰ ਮਿਆਰੀ ’ਤੇ ਪੌਸ਼ਟਿਕ ਖ਼ੁਰਾਕ ਵੀ ਮੁਹੱਈਆ ਕਰਵਾ ਰਿਹਾ ਹੈ।

ਰਣਧੀਰ ਸਿੰਘ ਪਿਛਲੇ ਸੱਤ ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਨਾਲ ਨਦੀਨਨਾਸ਼ਕਾਂ ’ਤੇ ਹੋਣ ਵਾਲਾ ਖਰਚਾ ਬਚਾ ਰਿਹਾ ਹੈ, ਉੱਥੇ ਹੀ ਫ਼ਸਲ ਦਾ ਝਾੜ ਵੀ ਵੱਧ ਪ੍ਰਾਪਤ ਕਰ ਰਿਹਾ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਜੋ ਸਮੇਂ-ਸਮੇਂ ’ਤੇ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੱਚ ਮਾਹਰਾਂ ਦੀ ਰਾਏ ਅਨੁਸਾਰ ਖੇਤੀ ਕਰਦਾ ਹੈ।

ਫ਼ਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਰਣਧੀਰ ਸਿੰਘ ਦੋ ਤੋਂ ਤਿੰਨ ਕਿੱਲਿਆਂ ਵਿੱਚ ਗੰਨੇ ਦੀ ਖੇਤੀ ਕਰਦਾ ਹੈ ਤੇ ਕੀੜਿਆਂ ਦੀ ਰੋਕਥਾਮ ਤੋਂ ਸਪਰੇਅ ਦੀ ਬਜਾਏ ਟਰਾਈਕੋਕਾਰਡ ਵਰਤਦਾ ਹੈ ਜਿਸ ਨਾਲ ਇਸ ਦੇ ਖੇਤੀ ਖ਼ਰਚੇ ਘਟਦੇ ਹਨ। ਇਸ ਤੋਂ ਇਲਾਵਾ ਇਹ ਕਿਸਾਨ ਗੰਡੋਇਆਂ ਦੀ ਖਾਦ ਵੀ ਤਿਆਰ ਕਰਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾ ਰਿਹਾ ਹੈ। ਇਸ ਕਿਸਾਨ ਨੇ ਪਸ਼ੂ ਪਾਲਣ ਦਾ ਧੰਦਾ ਵੀ ਅਪਣਾਇਆ ਹੋਇਆ ਹੈ ਜਿਸ ਤੋਂ ਉਹ ਚੰਗਾ ਮੁਨਾਫ਼ਾ ਲੈ ਰਿਹਾ ਹੈ।