ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ ਪਰ ਦੂਜੇ ਪਾਸੇ ਪੰਜਾਬ ਦੀ ਕਣਕ ਖਰਾਬ ਹੁੰਦੀ ਰਹੀ।ਪੰਜਾਬ ਵਿੱਚ 2009 ਤੋਂ 1 ਫਰਵਰੀ 2017 ਤੱਕ 5,67,835 ਟਨ ਕਣਕ ਖ਼ਰਾਬ ਹੋ ਚੁੱਕੀ ਹੈ। ਪੰਜਾਬ ਵਿੱਚ ਇਨ੍ਹਾਂ ਅੱਠ ਸਾਲਾਂ ਵਿੱਚ ਜਿੰਨੀ ਕਣਕ ਖ਼ਰਾਬ ਹੋਈ ਹੈ, ਉਸ ਦੀ 56.78 ਲੱਖ (100 ਕਿਲੋਗ੍ਰਾਮ) ਬੋਰੀ ਬਣਦੀ ਹੈ। ਖ਼ਰੀਦ ਏਜੰਸੀਆਂ ਇਸ ਖ਼ਰਾਬ ਕਣਕ ਨੂੰ ਟੈਂਡਰਾਂ ਰਾਹੀਂ ਘਾਟੇ ’ਤੇ ਚੁਕਵਾ ਦਿੰਦੀਆਂ ਹਨ।
ਭਾਰਤੀ ਖ਼ੁਰਾਕ ਨਿਗਮ (ਐਫਸੀਆਈ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮੋਗਾ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਧਰਮਕੋਟ, ਕੋਟ ਈਸੇ ਖਾਂ ਤੇ ਬੱਧਨੀ ਕਲਾਂ ਵਿੱਚ ਵਿੱਤੀ ਸਾਲ 2014-15 ਤੋਂ 30 ਸਤੰਬਰ 2017 ਤੱਕ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ (ਪੀਏਐਫਸੀ) ਦੀ 14022 ਟਨ, ਪੰਜਾਬ ਸਟੇਟ ਕੋਆਪ੍ਰੇਟਿਵ ਸਪਲਾਈ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਮਾਰਕਫੈੱਡ) ਦੀ 6176 ਟਨ, ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (ਪਨਸਪ) ਦੀ 4303 ਟਨ ਤੇ ਪੰਜਾਬ ਰਾਜ ਗੁਦਾਮ ਨਿਗਮ (ਪੀਐੱਸਡਬਲਿਊਸੀ) ਦੀ 3209 ਟਨ ਤੇ ਕੁੱਲ 27710 ਟਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਖ਼ਰਾਬ ਹੋ ਗਈ ਹੈ। ਇਸ ਦੀ ਬਾਜ਼ਾਰੀ ਕੀਮਤ ਕਰੀਬ 40 ਕਰੋੜ ਰੁਪਏ ਬਣਦੀ ਹੈ।
ਮੋਗਾ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ (ਡੀਐਫ਼ਐੱਸਸੀ) ਰਜਨੀਸ਼ ਕੁਮਾਰੀ ਨੇ ਕਿਹਾ ਕਿ ਸਟੇਟ ਏਜੰਸੀਆਂ ਐਫਸੀਆਈ ਦੀਆਂ ਹਦਾਇਤਾਂ ਮੁਤਾਬਕ ਕੇਂਦਰੀ ਪੂਲ ਲਈ ਕਣਕ ਖ਼ਰੀਦ ਕੇ ਸਟੋਰ ਕਰਦੀਆਂ ਹਨ। ਕਰੀਬ ਇੱਕ ਸਾਲ ਬਾਅਦ ਖੁੱਲ੍ਹੇ ਅਸਮਾਨ (ਓਪਨ ਪਲੈਂਥਾਂ) ਹੇਠ ਪਈ ਕਣਕ ਡਲਿਵਰੀ ਨਾ ਹੋਣ ਕਾਰਨ ਮੀਂਹ ਆਦਿ ਨਾਲ ਖ਼ਰਾਬ ਹੋਣ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖ਼ਰਾਬੇ ਵਾਲੀ ਕਣਕ ਨੂੰ ਨਿਲਾਮੀ ਰਾਹੀਂ ਹੋਰ ਥਾਈਂ ਸ਼ਿਫਟ ਕੀਤਾ ਜਾ ਰਿਹਾ ਹੈ।