ਚੰਡੀਗੜ੍ਹ: ਪੰਜਾਬ ਸਰਕਾਰ ਬੇਸ਼ੱਕ ਕਣਕ ਦੀ ਖਰੀਦ ਵਿੱਚ ਕੋਈ ਅੜਿੱਕਾ ਨਾ ਆਉਣ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਮੌਜੂਦਾ ਹਾਲਾਤ ਨੂੰ ਵੇਖ ਕਿਸਾਨਾਂ ਦਾ ਦਿਲ ਬੈਠ ਰਿਹਾ ਹੈ। ਇੱਕ ਪਾਸੇ ਮੌਸਮ ਦੀ ਨਿੱਤ ਕਰਵਟ ਤੇ ਦੂਜਾ ਅਜੇ ਤੱਕ ਖਰੀਦ ਬਾਰੇ ਕੋਈ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਫਸਲ ਨੂੰ ਵੇਲੇ ਸਿਰ ਕਿਵੇਂ ਸਾਂਭਣਗੇ। ਇਸ ਦੇ ਨਾਲ ਹੀ ਪਰਵਾਸੀ ਮਜ਼ਦੂਰ ਨਾ ਆਉਣ ਕਾਰਨ ਵੀ ਕਿਸਾਨ ਬਿਪਤਾ ਵਿੱਚ ਘਿਰੇ ਹੋਏ ਹਨ।

ਦਰਅਸਲ ਕਣਕ ਦੀ ਬਹੁਤੀ ਫਸਲ ਹੱਥਾਂ ਨਾਲ ਵੱਢੀ ਜਾਂਦੀ ਹੈ ਕਿਉਂਕਿ ਹਰ ਕਿਸਾਨ ਨੂੰ ਪਸ਼ੂਆਂ ਲਈ ਤੂੜੀ ਦੀ ਲੋੜ ਹੁੰਦੀ ਹੈ। ਛੋਟੇ ਕਿਸਾਨ ਕਣਕ ਹੱਥ ਨਾਲ ਵੱਢਣ ਨੂੰ ਹੀ ਤਰਜੀਹ ਦਿੰਦੇ ਹਨ। ਵੱਡੇ ਕਿਸਾਨ ਵੀ ਫਸਲ ਦੇ ਕੁਝ ਹਿੱਸੇ ਦੀ ਹੱਥ ਨਾਲ ਹੀ ਵਾਢੀ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਤੂੜੀ ਦੀ ਲੋੜ ਹੈ ਪਰ ਮੌਸਮ ਤੇ ਮਜ਼ਦੂਰਾਂ ਦੀ ਘਾਟ ਨੂੰ ਵੇਖ ਉਹ ਕੰਬਾਈਨ ਨਾਲ ਫਸਲ ਵਢਾਉਣ ਲਈ ਤਿਆਰ ਹਨ ਪਰ ਵੇਚਣਗੇ ਕਿੱਥੇ।

ਉਧਰ, ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਦਹਿਸ਼ਤ ਵਿੱਚ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਪੂਰੇ ਪ੍ਰਬੰਧ ਕਰਕੇ ਫਸਲਾਂ ਸੰਭਾਲਣ 'ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਪੰਜ ਏਕੜ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਨੂੰ ਮਗਨਰੇਗਾ ਕਾਨੂੰਨ ਤਹਿਤ ਖੇਤੀ ਕੰਮਾਂ ’ਚ ਸ਼ਾਮਲ ਕੀਤਾ ਜਾਵੇ। ਕਿਸਾਨਾਂ ਦੇ ਵਾਧੂ ਖ਼ਰਚਿਆਂ ਦੀ ਪੂਰਤੀ ਲਈ ਸਰਕਾਰ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਮ ਨੂੰ ਲੀਹ ’ਤੇ ਰੱਖਣ ਲਈ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਹਿਯੋਗ ਵੀ ਸਰਕਾਰ ਲੈ ਸਕਦੀ ਹੈ।

ਇਸ ਬਾਰੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਕਾਰਨ ਇਸ ਵਾਰ ਸਰਕਾਰ 15 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰੇਗੀ। ਇਸ ਲਈ ਸੂਬਾ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਫ਼ਸਲ ਦੀ ਖਰੀਦ ਲਈ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾਵੇਗਾ ਜਾਂ ਟੋਕਨ ਦਿੱਤੇ ਜਾ ਸਕਦੇ ਹਨ। ਇਸ ਮਗਰੋਂ ਉਹ ਆਪਣੀ ਵਾਰੀ ਵਾਲੇ ਦਿਨ ਹੀ ਫ਼ਸਲ ਲੈ ਕੇ ਮੰਡੀ ਵਿੱਚ ਆਉਣਗੇ ਤਾਂ ਕਿ ਮੰਡੀਆਂ ਵਿਚ ਭੀੜ ਨਾ ਇਕੱਠੀ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਲਈ ਪੂਰੀ ਤਿਆਰੀ ਕਰ ਰਹੇ ਹਨ।