Agriculture News: ਕੇਂਦਰ ਸਰਕਾਰ ਵਿਸਾਖੀ ਦੇ ਦਿਹਾੜੇ ਮੌਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ। ਕੇਂਦਰ ਸਰਕਾਰ ਬਾਰਸ਼ ਤੇ ਗੜ੍ਹੇਮਾਰੀ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਲਈ ਖ਼ਰੀਦ ਦੇ ਮਾਪਦੰਡਾਂ ਵਿੱਚ ਛੋਟ ਦੇਣ ਦਾ ਐਲਾਨ ਕਰ ਸਕਦੀ ਹੈ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਕਿਤੇ ਭਾਰਤ ਸਰਕਾਰ ਮਾਪਦੰਡਾਂ ਦੇ ਨਾਂ ਹੇਠ ਖ਼ਰੀਦ ਦੇ ਸਰਕਾਰੀ ਭਾਅ ’ਚ ਕਟੌਤੀ ਨਾ ਕਰ ਦੇਵੇ ਜਿਵੇਂ ਮੱਧ ਪ੍ਰਦੇਸ਼ ਵਿਚ ਕੀਤੀ ਗਈ ਹੈ। 


ਇਸ ਲਈ ਕਿਸਾਨ ਜਥੇਬੰਦੀਆਂ ਨੇ ਵੀ ਖ਼ਰੀਦ ਦੇ ਮਾਮਲੇ ’ਤੇ ਤਿਆਰੀ ਵਿੱਢ ਦਿੱਤੀ ਹੈ, ਜਿੱਥੇ ਕੋਈ ਮੁਸ਼ਕਲ ਆਈ ਤਾਂ ਕਿਸਾਨ ਧਿਰਾਂ ਸੰਘਰਸ਼ ਦਾ ਬਿਗਲ ਵਜਾ ਸਕਦੀਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਬਿਨਾਂ ਕਿਸੇ ਕਟੌਤੀ ਤੋਂ ਗੁਣਵੱਤਾ ਦੇ ਮਾਪਦੰਡਾਂ ਵਿਚ ਢਿੱਲ ਦਿੱਤੀ ਜਾਵੇ। ਇਸ ਬਾਰੇ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕੇਂਦਰੀ ਟੀਮਾਂ ਨੇ ਕੁਝ ਮੰਡੀਆਂ ’ਚੋਂ ਨਮੂਨੇ ਭਰੇ ਹਨ ਤੇ ਬਾਕੀ ਕੇਂਦਰਾਂ ’ਚੋਂ ਫ਼ਸਲ ਆਉਣ ’ਤੇ ਨਮੂਨੇ ਲਏ ਜਾਣਗੇ। 


ਪੰਜਾਬ ਵਿੱਚ ਹੁਣ ਤੱਕ 13.60 ਲੱਖ ਹੈਕਟੇਅਰ ਰਕਬੇ ਵਿਚ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ’ਚੋਂ ਇੱਕ ਲੱਖ ਹੈਕਟੇਅਰ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੈ। ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚ ਵੱਧ ਨਮੀ ਵਾਲੀ ਫ਼ਸਲ ਪੁੱਜਣ ਲੱਗੀ ਹੈ ਜਿਸ ਨੂੰ ਮੰਡੀਆਂ ਵਿਚ ਸੁਕਾਇਆ ਜਾ ਰਿਹਾ ਹੈ। ਕੇਂਦਰੀ ਮਾਪਦੰਡ 12 ਫ਼ੀਸਦੀ ਤੱਕ ਨਮੀ ਵਾਲੀ ਫ਼ਸਲ ਨੂੰ ਖ਼ਰੀਦਣ ਦੀ ਇਜਾਜ਼ਤ ਦਿੰਦੇ ਹਨ ਪਰ ਮੰਡੀਆਂ ਵਿਚ ਇਸ ਵੇਲੇ 20 ਫ਼ੀਸਦੀ ਤੱਕ ਦੀ ਨਮੀ ਵਾਲੀ ਫ਼ਸਲ ਪੁੱਜ ਰਹੀ ਹੈ। ਮੁੱਢਲੇ ਪੜਾਅ ’ਤੇ ਹੀ ਕਿਸਾਨਾਂ ਨੂੰ ਕਣਕ ਵੇਚਣ ਲਈ ਮੰਡੀਆਂ ਵਿਚ ਖੱਜਲ ਹੋਣ ਦਾ ਮੁੱਢ ਬੱਝਣ ਲੱਗਾ ਹੈ।



ਦੱਸ ਦਈਏ ਕਿ ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਚਾਰ ਤਕਨੀਕੀ ਟੀਮਾਂ ਵੱਲੋਂ ਪੰਜਾਬ ’ਚ ਬੇਮੌਸਮੀ ਬਾਰਸ਼ ਤੇ ਝੱਖੜ ਦੀ ਲਪੇਟ ’ਚ ਆਈ ਕਣਕ ਦੀ ਫ਼ਸਲ ਦੇ ਨਮੂਨੇ ਲਏ ਜਾ ਰਹੇ ਹਨ। ਸ਼ੁੱਕਰਾਵਾਰ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਕਣਕ ਦੀਆਂ ਢੇਰੀਆਂ ’ਚੋਂ ਪਹਿਲੇ ਪੜਾਅ ’ਤੇ ਕਰੀਬ 54 ਨਮੂਨੇ ਲਏ ਗਏ ਹਨ ਤੇ ਕੇਂਦਰੀ ਟੀਮਾਂ ਆਉਂਦੇ ਦੋ-ਤਿੰਨ ਦਿਨ ਖ਼ਰੀਦ ਕੇਂਦਰਾਂ ’ਚ ਜਾਇਜ਼ਾ ਲੈਣ ਦਾ ਕੰਮ ਜਾਰੀ ਰੱਖਣਗੀਆਂ। 


ਪੰਜਾਬ ਦੇ ਕਿਸਾਨਾਂ ਦੀ ਟੇਕ ਹੁਣ ਇਨ੍ਹਾਂ ਕੇਂਦਰੀ ਟੀਮਾਂ ’ਤੇ ਹੈ। ਟੀਮਾਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪਟਿਆਲਾ ਵਿੱਚੋਂ 10, ਮੁਹਾਲੀ ਵਿੱਚੋਂ 15, ਲੁਧਿਆਣਾ ਵਿੱਚੋਂ 8, ਸੰਗਰੂਰ ਵਿੱਚੋਂ 20 ਤੇ ਫ਼ਿਰੋਜ਼ਪੁਰ ’ਚੋਂ ਨੁਕਸਾਨੀ ਫ਼ਸਲ ਦਾ ਇੱਕ ਨਮੂਨਾ ਲਿਆ। ਕੇਂਦਰੀ ਟੀਮਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਡੇਰਾਬੱਸੀ, ਬਨੂੜ, ਲਾਲੜੂ, ਰਾਜਪੁਰਾ, ਮੂਨਕ, ਖਨੌਰੀ, ਸੁਨਾਮ, ਖੰਨਾ, ਮਾਛੀਵਾੜਾ ਤੇ ਮਮਦੋਟ ਦੇ ਖ਼ਰੀਦ ਕੇਂਦਰਾਂ ਤੋਂ ਕੀਤੀ ਹੈ। 


ਪੰਜਾਬ ਵਿਚ ਵਿਸਾਖੀ ਮਗਰੋਂ ਹੀ ਕਣਕ ਦੀ ਆਮਦ ਮੰਡੀਆਂ ਵਿਚ ਤੇਜ਼ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਕਰੀਬ 2,514 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਕੇਂਦਰ ਸਰਕਾਰ ਅਨੁਸਾਰ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫ਼ਸਲ ਦਾ ਨੁਕਸਾਨ ਹੋਇਆ ਹੈ ਪਰ ਕਣਕ ਦੀ ਆਮਦ ਸਿਰਫ਼ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਹੀ ਹੋਈ ਹੈ। ਜਿਉਂ ਹੀ ਦੂਸਰੇ ਜ਼ਿਲ੍ਹਿਆਂ ਦੀਆਂ ਮੰਡੀਆਂ ਵਿਚ ਕਣਕ ਪੁੱਜੇਗੀ ਤਾਂ ਪਹਿਲਾਂ ਤੋਂ ਮੌਜੂਦ ਕੇਂਦਰੀ ਟੀਮਾਂ ਫ਼ਸਲ ਦੇ ਨਮੂਨੇ ਇਕੱਤਰ ਕਰਨਗੀਆਂ।