ਚੰਡੀਗੜ੍ਹ: ਫਸਲਾਂ ਦੀ ਸਿੱਧੀ ਅਦਾਇਗੀ ਲਈ ਕੇਂਦਰ ਸਰਕਾਰ ਦੀ ਅੜੀ ਕਰਕੇ ਪੰਜਾਬ ਦੇ ਕਿਸਾਨਾਂ ਸਾਹਮਣੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਕਣਕ ਦੀ ਖਰੀਦ ਲਈ ਪੇਚੀਦਾ ਪ੍ਰਬੰਧਾਂ ਕਰਕੇ ਕਿਸਾਨ ਮੰਡੀਆਂ ਵਿੱਚ ਰੁਲਣ ਲੱਗੇ ਹਨ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਖਰੀਦ ਬੇਹੱਦ ਸੁਸਤ ਹੈ। ਅਜਿਹੇ ਵਿੱਚ ਕੋਰੋਨਾ ਦੇ ਕਹਿਰ ਤੇ ਬਦਲਦੇ ਮੌਸਮ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।


ਦਰਅਸਲ ਕਣਕ ਖਰੀਦ ਲਈ ਸ਼ੁਰੂ ਕੀਤੇ ਗਏ ਆਨਲਾਈਨ ਪੋਰਟਲ ਵਿੱਚ ਕਣਕ ‘ਫਸਣ’ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ਼ ਰਹੇ ਹਨ। ਜਿੰਨਾ ਚਿਰ ਕਿਸਾਨਾਂ ਦੀ ਸਾਰੀ ਜਾਣਕਾਰੀ ਪੋਰਟਲ ’ਤੇ ਅਪਲੋਡ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦੀ ਫ਼ਸਲੀ ਦੀ ਬੋਲੀ ਨਹੀਂ ਹੋ ਸਕਦੀ। ਇਸੇ ਕਾਰਨ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨ ਆਨਲਾਈਨ ਪੋਰਟਲ ਦੇ ਚੱਕਰ ਵਿੱਚ ਪੈਸਿਆਂ ਤੋਂ ਵੀ ਵਾਂਝੇ ਹਨ।


ਮਾਲਵੇ ਤੇ ਦੋਆਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ, ਜੋ ਆਨਲਾਈਨ ਪੋਰਟਲ ਕਰਕੇ ਬੋਲੀ ਹੋਣ ਤੋਂ ਵਾਂਝੇ ਹਨ। ਕਿਸਾਨਾਂ ਨੂੰ ਫਸਲ ਵੇਚਣ ਤੋਂ ਪਹਿਲਾਂ ਆਨਲਾਈਨ ਪੋਰਟਲ ’ਤੇ ਆਪਣਾ ਆਧਾਰ ਕਾਰਡ, ਬੈਂਕ ਖਾਤਾ, ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਅਪਲੋਡ ਕਰਨੀ ਜ਼ਰੂਰੀ ਹੈ। ਉਪਰੰਤ ਕਿਸਾਨ ਦੀ ਫ਼ਸਲ ਦੀ ਬੋਲੀ ਹੁੰਦੀ ਤੇ ਫਿਰ ਉਸ ਨੂੰ ਪੇਮੈਂਟ ਹੋਵੇਗੀ ਪਰ ਜ਼ਮੀਨੀ ਹਕੀਕਤ ਵਿੱਚ ਆਨਲਾਈਨ ਪੋਰਟਲ ਨੇ ਸਭ ਨੂੰ ਉਲਝਾਇਆ ਹੋਇਆ ਹੈ।


ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਚੀਮਾ ਨੇ ਦੱਸਿਆ ਕਿ ਇਸ ਸਮੇਂ ਖਰੀਦ ਦਾ ਬੁਰਾ ਹਾਲ ਹੈ, ਜਿਸ ਦਾ ਵੱਡਾ ਕਾਰਨ ਆਨਲਾਈਨ ਪੋਰਟਲ ਹੈ। ਇਸ ਦੀ ਸਹੀ ਜਾਣਕਾਰੀ ਨਾ ਅਫ਼ਸਰਾਂ ਨੂੰ ਹੈ, ਨਾਂ ਹੀ ਆੜ੍ਹਤੀਆਂ ਤੇ ਕਿਸਾਨਾਂ ਨੂੰ। ਇਸ ਕਰਕੇ ਫਸਲ ਦੀ ਖਰੀਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ’ਚ ਬਾਰਦਾਨੇ ਦੀ ਘਾਟ।