ਚੰਡੀਗੜ੍ਹ: ਮਾਲਵੇ ਵਿਚ ਸਾਉਣੀ ਦੀ ਮੁੱਖ ਫ਼ਸਲ ਝੋਨੇ ’ਤੇ ਰਸ ਚੂਸਕ ਕੀਟ ਤੇਲੇ ਅਤੇ ਸੁੰਡੀ ਦਾ ਹਮਲਾ  ਕੰਟਰੋਲ ਤੋਂ ਬਾਹਰ ਹੋ ਗਿਆ ਹੈ।   ਕਿਸਾਨਾਂ ਦੇ ਵਾਰ ਵਾਰ ਸਪਰੇਆਂ ਕਰਨ ਦੇ ਬਾਵਜੂਦ ਕੋਈ ਖਾਸ ਅਸਰ ਨਹੀਂ ਹੋ ਰਿਹਾ। ਮਾਹਿਰਾਂ ਦਾ ਕਹਿਣਾ ਹੈ ਕਿ ਕੀਟਾਂ ਵੱਲੋਂ ਰਸ ਚੂਸ ਲਏ ਜਾਣ ਕਾਰਨ  ਪੌਦਾ ਕਮਜ਼ੋਰ ਹੋ ਜਾਂਦਾ ਹੈ ਜਿਸ ਦਾ ਝਾੜ ਉੱਪਰ ਬੁਰਾ ਅਸਰ ਪੈਂਦਾ ਹੈ ਅਤੇ ਦਾਣਿਆਂ ਵਿੱਚ ਫੋਕ ਬਣ ਜਾਣ ਕਾਰਨ ਝਾੜ ਵੀ ਘਟ ਜਾਂਦਾ ਹੈ। ਤੇਲੇ ਦੇ ਹਮਲੇ ਵਾਲੀ ਫ਼ਸਲ ਡਿੱਗ ਪੈਂਦੀ ਹੈ ਜਿਸ ਕਾਰਨ ਕਟਾਈ ਵਿੱਚ ਵੀ ਦਿੱਕਤ ਆਉਂਦੀ ਹੈ ਅਤੇ ਝਾੜ ਵੀ 10 ਫ਼ੀਸਦੀ ਤੱਕ ਘਟ ਜਾਂਦਾ ਹੈ।


ਇਸ ਤੋਂ ਇਲਾਵਾ ਪਛੇਤੀ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਉੱਪਰ  ਪੱਤਾ ਲਪੇਟ ਸੁੰਡੀ ਅਤੇ ਮੁੰਜ਼ਰ  ਕੱਟ ਸੁੰਡੀ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ।   ਰੂੜੇਕੇ ਕਲਾਂ ਦੇ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਤਿੰਨ ਹਫਤਿਆਂ ਤੱਕ ਪੱਕ ਕੇ ਕਟਾਈ ਲਈ ਤਿਆਰ ਸੀ ਪਰ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਤੇਲੇ ’ਤੇ ਕੋਈ ਕੰਟਰੋਲ ਨਹੀਂ ਹੋ ਰਿਹਾ ਅਤੇ ਉਹ ਪਿਛਲੇ ਇਕ ਹਫ਼ਤੇ ’ਚ ਲਗਾਤਾਰ ਅੱਜ ਦੂਜੀ ਸਪਰੇਅ ਕਰ ਰਿਹਾ  ਹੈ।   ਬਦਰਾ ਦੇ ਕਿਸਾਨ ਜਗਸੀਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ  ਪੱਕੀ ਫ਼ਸਲ ਉੱਪਰ ਸਪਰੇਅ ਕਰਨ ਨਾਲ ਫ਼ਸਲ ’ਚ ਡੰਡੀਆਂ ਪੈ ਰਹੀਆਂ ਹਨ ਜਿਸ ਨਾਲ  ਦੂਹਰਾ ਨੁਕਸਾਨ ਹੋ ਰਿਹਾ ਹੈ।

ਇਸ ਸਬੰਧੀ ਜਦ ਖੇਤੀਬਾੜੀ  ਅਫ਼ਸਰ ਡਾ. ਕਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀਬਾੜੀ ਮਹਿਕਮੇ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਸਪਰੇਅ ਕਰਨ ਅਤੇ  ਇੱਕ ਦੂਸਰੇ ਦੀ ਦੇਖਾ ਦੇਖੀ  ਕੀਟਨਾਸ਼ਕ ਵਿਕੇਰਤਾ ’ਤੇ ਹੀ ਨਿਰਭਰ ਨਾ ਰਹਿਣ।