ਚੰਡੀਗੜ੍ਹ: ਇਸ ਵਾਰ ਝੋਨੇ ਦੀ ਲੁਆਈ ਕਿੰਨੀ ਹੋਏਗੀ, ਪਿੰਡਾਂ ਅੰਦਰ ਇਹ ਮੁੱਦਾ ਗਰਮਾਇਆ ਹੋਇਆ ਹੈ। ਪਰਵਾਸੀ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਸਥਾਨਕ ਮਜ਼ਦੂਰ 5000 ਤੱਕ ਲੁਆਈ ਮੰਗਣ ਲੱਗੇ ਹਨ ਪਰ ਕਿਸਾਨਾਂ ਦੀ ਮਜਬੂਰੀ ਹੈ ਕਿ ਇੰਨੀ ਲੁਆਈ ਦੇਣਾ ਉਨ੍ਹਾਂ ਲਈ ਔਖਾ ਹੈ। ਇਸ ਕਰਕੇ ਦੋਵਾਂ ਧਿਰਾਂ ਵਿਚਾਲੇ ਤਣਾਅ ਵੀ ਵਧ ਗਿਆ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨੂੰ ਵੇਖਦਿਆਂ ਝੋਨੇ ਦੀ ਲੁਆਈ ਵੀ ਤੈਅ ਕਰ ਦਿੱਤੀ ਹੈ।

ਦੱਸ ਦਈਏ ਕਿ ਇਸ ਵਾਰ ਕਰੋਨਾਵਾਇਰਸ ਕਰਕੇ ਪਰਵਾਸੀ ਮਜ਼ਦੂਰਾਂ ਦੀ ਕਾਫੀ ਘਾਟ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਮੁਤਾਬਕ ਪੰਜਾਬ ਅੰਦਰ ਲਗਪਗ 30 ਲੱਖ ਹੈਕਟੇਅਰ ਵਿੱਚ ਝੋਨਾ ਲਾਇਆ ਜਾਂਦਾ ਹੈ। ਇਸ ਵਿੱਚੋਂ ਜੇਕਰ ਪੰਜ ਲੱਖ ਹੈਕਟੇਅਰ ਬਾਸਮਤੀ ਕੱਢ ਦਈਏ ਤਾਂ ਬਾਕੀ 25 ਲੱਖ ਹੈਕਟੇਅਰ ਵਿੱਚ ਸਾਧਾਰਨ ਝੋਨੇ ਦੀ ਲਵਾਈ ਹੋਣੀ ਹੈ। ਇਸ ਵਾਰ ਸਰਕਾਰ ਨੇ 10 ਜੂਨ ਤੋਂ ਝੋਨੇ ਦੀ ਲਵਾਈ ਦੀ ਮਨਜ਼ੂਰੀ ਦਿੱਤੀ ਹੈ।

ਆਮ ਤੌਰ 'ਤੇ ਝੋਨੇ ਦੀ ਲਵਾਈ ਦਾ ਰੇਟ 2000 ਤੋਂ 3000 ਰੁਪਏ ਪ੍ਰਤੀ ਏਕੜ ਤੱਕ ਰਹਿੰਦਾ ਹੈ। ਪਰਵਾਸੀ ਮਜ਼ਦੂਰ 2000 ਰੁਪਏ ਨਾਲ ਰਾਸ਼ਨ ਤੇ ਤਿੰਨ ਵੇਲੇ ਦੀ ਚਾਹ ਵੀ ਲੈਂਦੇ ਸਨ ਪਰ ਸਥਾਨਕ ਮਜ਼ਦੂਰ ਰਾਸ਼ਨ ਦੀ ਥਾਂ 3000 ਤੋਂ 3500 ਰੁਪਏ ਤੱਕ ਪ੍ਰਤੀ ਏਕੜ ਭਾਅ ਲੈਂਦੇ ਰਹੇ ਹਨ। ਇਸ ਵਾਰ ਪਰਵਾਸੀ ਮਜ਼ਦੂਰਾਂ ਦੀ ਘਾਟ ਹੈ। ਇਸ ਲਈ ਸਥਾਨਕ ਮਜ਼ਦੂਰ 5000 ਤੋਂ 6000 ਰੁਪਏ ਮੰਗ ਰਹੇ ਹਨ।

ਪੰਜਾਬ ਦੇ ਕੁਝ ਵੱਡੇ ਕਿਸਾਨਾਂ ਨੇ ਮਸ਼ੀਨਰੀ ਦਾ ਸਹਾਰਾ ਲੈਣ ਦਾ ਮਨ ਬਣਾਇਆ ਹੈ। ਝੋਨੇ ਦੀ ਸਿੱਧੀ ਬਿਜਾਈ ਤੇ ਮਸ਼ੀਨਾਂ ਨਾਲ ਲਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਵੱਡੇ ਹਿੱਸੇ ਵਿੱਚ ਮਜ਼ਦੂਰਾਂ ਰਾਹੀਂ ਝੋਨੇ ਦੀ ਲਵਾਈ ਹੋਣੀ ਹੈ। ਇਸ ਲਈ ਕਿਸਾਨਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਸੂਤੀ ਫਸੀ ਹੋਈ ਹੈ। ਸਰਕਾਰ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਪਰਵਾਸੀ ਮਜ਼ਦੂਰਾਂ ਦੀ ਸਾਰ ਨਾ ਲਏ ਜਾਣ ਕਰਕੇ ਉਹ ਵਾਪਸ ਪਰਤੇ ਹਨ।