ਨਵੀਂ ਦਿੱਲੀ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਖੇਤੀ ਆਰਡੀਨੈਂਸ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਾਰ ਰਹੀ ਹੈ। ਇਹ ਖੇਤੀ ਆਰਡੀਨੈਂਸ ਪਾਸ ਨਹੀਂ ਹੋਣੇ ਚਾਹੀਦੇ।

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 55 ਸਾਲਾਂ ਤੋਂ ਪੰਜਾਬ ਦਾ ਕਿਸਾਨ ਦੇਸ਼ ਦਾ ਪੇਟ ਭਰ ਰਿਹਾ ਹੈ। ਮੌਜ਼ੂਦਾ ਸਮੇਂ ਵਿੱਚ ਭਾਰਤ ਇੱਕ ਪਾਸੇ ਚੀਨ ਨਾਲ ਤੇ ਪਾਕਿਸਤਾਨ ਨਾਲ ਸਰਹੱਦ 'ਤੇ ਜੂਝ ਰਿਹਾ ਹੈ। ਭਾਰਤ ਦੀ ਸਰਹੱਦ 'ਤੇ ਚੀਨ ਨਾਲ ਤਣਾਅ ਚੱਲ ਰਿਹਾ ਹੈ ਤੇ ਸਾਡੇ ਪੰਜਾਬ ਦੇ ਜਵਾਨ ਸਰਹੱਦ 'ਤੇ ਰਾਖੀ ਕਰ ਰਹੇ ਹਨ ਤੇ ਦੁਸ਼ਮਣਾਂ ਨਾਲ ਲੜ ਰਹੇ ਹਨ ਪਰ ਤੁਸੀਂ ਖੇਤੀ ਆਰਡੀਨੈਂਸ ਰਾਹੀਂ ਐਮਐਸਪੀ ਖਤਮ ਕਰਕੇ ਵੱਡੇ ਵਪਾਰੀਆਂ ਨੂੰ ਲਿਆਉਣਾ ਚਾਹੁੰਦੇ ਹੋ ਜੋ ਅਸੀਂ ਨਹੀਂ ਹੋਣ ਦਿਆਂਗੇ।

ਬਾਜਵਾ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਇਸ ਨੂੰ ਸਾਡੀ ਚੇਤਾਵਨੀ ਸਮਝੇ। ਪ੍ਰਤਾਪ ਬਾਜਵਾ ਨੇ ਪ੍ਰੋਟੈਕਟ ਫਾਰਮਰਜ਼ ਆਫ ਇੰਡੀਆ ਦੇ ਬੈਨਰ ਹੇਠ ਪਾਰਲੀਮੈਂਟ ਬਾਹਰ ਪ੍ਰਦਰਸ਼ਨ ਕਰਦੇ ਹੋਏ ਖੇਤੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ ਹੈ।