Agriculture : ਕਿੰਨੂ ਪੰਜਾਬ ਰਾਜ ਵਿਚ ਰਕਬੇ ਅਤੇ ਪੈਦਾਵਾਰ ਅਨੁਸਾਰ ਚੰਗੇ ਫਲ ਬਣ ਕੇ ਸਾਹਮਣੇ ਆਇਆ ਹੈ ਪਰ ਇਸ ਦੀ ਕਾਸ਼ਤ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਵਿੱਚੋਂ ਸਭ ਤੋਂ ਜ਼ਿਆਦਾ ਗੰਭੀਰ ਸਮੱਸਿਆ ਹੈ ਫਲ ਦੇ ਝੜਨ ਦੀ ਹੈ। ਕਾਸ਼ਤਕਾਰਾਂ ਦੀ ਕੀਤੀ ਮਿਹਨਤ ਉਸ ਸਮੇਂ ਅਜਾਈਂ ਚਲੀ ਜਾਂਦੀ ਹੈ ਜਦੋਂ ਫਲ ਤੋੜਨ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ। ਇਸ ਲੇਖ ਵਿਚ ਕਿੰਨੂ ਦੇ ਝੜਨ ਦੇ ਕਾਰਨਾਂ ਤੇ ਸਮੱਸਿਆ ਦੇ ਹੱਲ ਬਾਰੇ ਗੱਲ ਕੀਤੀ ਗਈ ਹੈ।


 


ਕਿੰਨੂ ਦਾ ਇਹ ਝੜਨਾ ਕਈ ਉੱਲੀਆਂ ਦੇ ਹਮਲੇ ਕਰਕੇ ਹੋ ਸਕਦਾ ਹੈ। ਅਸਲ ਵਿਚ ਇਸ ਬਿਮਾਰੀ ਦੀ ਸ਼ੁਰੂਆਤ ਫਰਵਰੀ - ਮਾਰਚ ਦੇ ਮਹੀਨੇ ਆ ਰਹੇ ਨਵੇਂ ਫੁਟਾਰੇ ਅਤੇ ਫੁੱਲ ਆਉਣ ਦੇ ਨਾਲ ਹੀ ਹੋ ਜਾਂਦੀ ਹੈ ਪਰ ਬਾਅਦ ਵਿਚ ਅਪ੍ਰੈਲ- ਜੂਨ ਦੀ ਗਰਮੀ ਕਰਕੇ ਇਸ ਬਿਮਾਰੀ ਦਾ ਵਾਧਾ ਰੁਕ ਜਾਂਦਾ ਹੈ ਅਤੇ ਜਿਉਂ ਹੀ ਮਾਨਸੂਨ ਦਾ ਮੀਂਹ ਸ਼ੁਰੂ ਹੁੰਦਾ ਹੈ, ਇਹ ਬਿਮਾਰੀ ਫਿਰ ਤੋਂ ਅੱਗੇ ਵਧਣ ਲੱਗਦੀ ਹੈ।


 


ਕਈ ਵਾਰ ਅੰਦਰੂਨੀ ਕਾਰਨਾਂ ਕਰਕੇ ਫਲ ਡਿੱਗ ਦਾਂਦਾ ਹੈ।  ਇਸ ਦਾ ਕਾਰਨ ਖਾਦ ਪ੍ਰਬੰਧ ਸਹੀ ਨਾ ਹੋਣਾ, ਤਾਪਮਾਨ ਅਤੇ ਨਮੀ ਵਿਚ ਹੋਈ ਇਕਦਮ ਤਬਦੀਲੀ, ਪਾਣੀ ਜਾਂ ਸਿੰਚਾਈ ਦਾ ਪ੍ਰਬੰਧ ਸਹੀ ਨਾ ਹੋਣਾ, ਲੰਮੇ ਸਮੇਂ ਲਈ ਪਿਆ ਕੋਰਾ, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਜਾਂ ਜ਼ਿੰਕ ਦੀ ਕਮੀ ਅਤੇ ਹਾਰਮੋਨ ਦੀ ਕਮੀ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਡਿੱਗੇ ਫਲ ਦਾ ਰੰਗ ਹਰਾ ਹੰੁਦਾ ਹੈ ਪਰ ਡੰਡੀ ਵਾਲੇ ਪਾਸੇ ਤੋਂ ਫਲ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ।


 


ਕਿੰਨੂ ਉੱਤੇ ਕਈ ਤਰ੍ਹਾਂ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ, ਜਿਹੜੇ ਕਿ ਸਿੱਧੇ ਜਾਂ ਅਸਿੱਧੇ ਤੌਰ ’ਤੇ ਫਲ ਦੇ ਝੜਨ ਦਾ ਕਾਰਨ ਬਣਦੇ ਹਨ ਜਿਵੇਂ ਕਿ ਫਲ ਦੀ ਮੱਖੀ ਅਤੇ ਫਲ ਦਾ ਰਸ ਚੂਸਣ ਵਾਲੇ ਪਤੰਗੇ ਦਾ ਹਮਲਾ। ਫਲ ਦੀ ਮੱਖੀ ਰੰਗ ਬਦਲ ਰਹੇ ਕਿੰਨੂ ਉੱਤੇ ਆਪਣੀ ਆਂਡਾ ਦੇਣ ਵਾਲੀ ਸੂਈ ਵਰਗੇ ਤਿੱਖੇ ਭਾਗ ਨਾਲ ਫਲ ਦੀ ਉੱਪਰਲੀ ਤਹਿ ਦੇ ਹੇਠਾਂ ਆਂਡੇ ਦਿੰਦੀ ਹੈ। ਇਨ੍ਹਾਂ ਆਂਡਿਆਂ ਵਿੱਚੋਂ ਚਿੱਟੇ ਪੀਲੇ ਰੰਗ ਦੀਆਂ ਸੁੰਡੀਆਂ ਨਿਕਲ ਕੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਬਾਅਦ ਵਿਚ ਇਨ੍ਹਾਂ ਫਲਾਂ ਉੱਪਰ ਕਈ ਤਰ੍ਹਾਂ ਦੇ ਜੀਵਾਣੂ ਅਤੇ ਉੱਲੀਆਂ ਦਾ ਹਮਲਾ ਹੋ ਜਾਂਦਾ ਹੈ, ਜਿਸ ਕਾਰਨ ਫਲ ਗਲ ਕੇ ਧਰਤੀ ’ਤੇ ਡਿੱਗ ਜਾਂਦੇ ਹਨ। ਫਲ ਦਾ ਰਸ ਚੂਸਣ ਵਾਲਾ ਪਤੰਗਾ ਪੰਜਾਬ ਦੇ ਨੀਮ ਪਹਾੜੀ ਖੇਤਰਾਂ ’ਚ ਕਿੰਨੂ ਦਾ ਜ਼ਿਆਦਾ ਨੁਕਸਾਨ ਕਰਦਾ ਹੈ। ਇਹ ਪਤੰਗਾ ਆਲੇ- ਦੁਆਲੇ ਉੱਗ ਰਹੇ ਨਦੀਨਾਂ ਉੱਪਰ ਰਹਿੰਦਾ ਹੈ, ਜੋ ਕਿ ਸ਼ਾਮ ਅਤੇ ਸਵੇਰ ਨੂੰ ਪੱਕ ਰਹੇ ਫਲਾਂ ਵਿਚ ਆਪਣਾ ਮੂੰਹ ਖੋਭ ਕੇ ਮੋਰੀ ਕਰ ਦਿੰਦਾ ਹੈ। ਇਸ ਮੋਰੀ ਨੂੰ ਦਬਾਉਣ ’ਤੇ ਗਲੇ ਹੋਏ ਜੂਸ ਦਾ ਫੁਹਾਰਾ ਜਿਹਾ ਨਿਕਲਦਾ ਹੈ।


 


 ਬੂਟੇ ਦੀ ਸਿਹਤ ਬਰਕਰਾਰ ਰੱਖਣ ਲਈ ਰੂੜੀ ਦੀ ਖਾਦ ਅਤੇ ਰਸਾਇਣਕ ਖਾਦ ਪਾਓ ਕਿਉਂਕਿ ਬਿਮਾਰੀ ਹਮੇਸ਼ਾ ਕਮਜ਼ੋਰ ਬੂਟੇ ’ਤੇ ਹੀ ਆਉਂਦੀ ਹੈ। ਫਲ ਲੱਗਣ ਸਮੇਂ ਬੂਟੇ ਨੂੰ ਪਾਣੀ ਦੀ ਘਾਟ ਮਹਿਸੂਸ ਨਾ ਹੋਣ ਦਿਓ ਕਿਉਂਕਿ ਸੋਕੇ ਦੀ ਹਾਲਤ ਵਿਚ ਬੂਟਾ ਅਬਸਿਸਕ ਐਸਿਡ ਬਣਾਉਣ ਲੱਗ ਪੈਂਦਾ ਹੈ, ਜਿਸ ਕਰਕੇ ਫਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਬੂਟੇ ਨੂੰ ਫਰਵਰੀ ਵਿਚ ਨਵੇਂ ਫੁਟਾਰੇ ਤੋਂ ਪਹਿਲਾਂ, ਅਪ੍ਰੈਲ ਵਿਚ ਫਲ ਲੱਗਣ ਤੋਂ ਬਾਅਦ ਸਿੰਚਾਈ ਬਹੁਤ ਜ਼ਰੂਰੀ ਹੈ।