ਝੋਨੇ ਦੀ ਪੂਸਾ 50 ਕਿਸਮ ਬਾਰੇ ਜਾਣਕਾਰੀ ਦਿੰਦਿਆ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਿਸਮ ਪੂਸਾ ਪੰਜਾਹ ਕਈ ਸਾਲ ਪੁਰਾਣੀ ਕਿਸਮ ਹੈ। ਇਹ ਕਿਸਮ ਝੋਨੇ ਦੀਆਂ ਨਵੀਂਆਂ ਕਿਸਮਾਂ ਨਾਲੋ ਬਹੁਤ ਜਿਆਦਾ ਦੇਖਭਾਲ ਮੰਗਦੀ ਹੈ ਅਤੇ ਪੱਕਣ ਲਈ ਵੀ ਦੂਜੀਆਂ ਕਿਸਮਾਂ ਤੋਂ ਜਿਆਦਾ ਸਮਾਂ ਲੈਂਦੀ ਹੈ ਅਤੇ ਕਈ ਵਾਰ ਨਿਸਰਨ ਤੋਂ ਬਾਅਦ ਝੋਨੇ ਦੀ ਇਸ ਕਿਸਮ ਉੱਤੇ ਕਾਲਾ ਤੇਲਾ, ਕਾਲੋਂ ਤੋਂ ਇਲਾਵਾ ਟਿੱਡੇ ਦਾ ਹਮਲਾ ਆਮ ਹੋ ਜਾਂਦਾ ਹੈ। ਜਿਸ ਤੋਂ ਬਚਾਅ ਲਈ ਸਰਬਜੀਤ ਸਿੰਘ ਨੇ ਝੋਨੋ ਦੇ ਨਿਸਰਨ ਸਮੇਂ ਅਤੇ ਉੱਸ ਤੋਂ ਦਸ ਦਿਨ ਬਾਅਦ ਝੋਨੇ ਦੀ ਫਸਲ ਦੀ ਉਪਰੋਕਤ ਬੀਮਾਰੀਆਂ ਤੋਂ ਸੁਰੱਖਿਆ ਲਈ ਉੱਚਿਤ ਦੋ ਸਪਰੇਅ ਕੀਤੇ ਸੀ।
ਜਿਕਰਯੋਗ ਹੈ ਕਿ ਇਸੇ ਕਿਸਾਨ ਦੇ ਖੇਤਾਂ ਵਿਚੋਂ ਦੋ ਸਾਲ ਪਹਿਲਾਂ ਹਾੜੀ ਦੀ ਫਸਲ ਕਣਕ ਦਾ ਵੀ ਪ੍ਰਤੀ ਏਕੜ ਤੀਹ ਕੁਇੰਟਲ ਦੇ ਹਿਸਾਬ ਨਾਲ ਔਸਤਨ ਝਾੜ ਨਿਕਲਿਆ ਸੀ। ਕਿਸਾਨ ਸਰਬਜੀਤ ਸਿੰਘ ਬੈਂਸ ਨੇ ਝੋਨੇ ਦੀ ਫਸਲ ਨੂੰ ਆਪਣੇ ਖੇਤਾਂ ਵਿਚ ਲਗਾਉਣ ਤੋਂ ਲੈ ਕੇ ਕੱਟਣ ਤੱਕ ਪੂਰੀ ਮਿਹਨਤ, ਲਗਨ ਅਤੇ ਬਿਨਾਂ ਕਿਸੇ ਲਾਪਰਵਾਹੀ ਵਰਤੇ ਪੂਰੀ ਰੀਝ ਨਾਲ ਪਾਲਿਆ ਸੀ ਅਤੇ ਫਸਲ ਦੀ ਸਾਂਭ ਸੰਭਾਲ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਅਤੇ ਪ੍ਰਤੀ ਏਕੜ ਕਿਸਾਨ ਦਾ ਫਸਲ ਕੱਟਣ ਤੱਕ ਕਾਫੀ ਖਰਚਾ ਆਇਆ ਸੀ।
ਕਿਸਾਨ ਨੇ ਇਹ ਵੀ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਬਿਜਾਏ ਹਰ ਸਾਲ ਰੋਟਾਵੇਟਰ ਮਸ਼ੀਨ ਨਾਲ ਖੇਤ ਵਿਚ ਹੀ ਰਲਾ ਦਿੰਦੇ ਹਨ ਜੋ ਕਿ ਜਮੀਨ ਦੀ ਉੱਪਜਾਉ ਸ਼ਕਤੀ ਨੂੰ ਵਧਾਉਣ ਵਿਚ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ।
ਕਿਸਾਨ ਸਰਬਜੀਤ ਸਿੰਘ ਬੈਂਸ ਨੇ ਖੇਤੀਬਾੜੀ ਸੰਬਧੀ ਸਰਕਾਰੀ ਨੀਤੀਆਂ ਪ੍ਰਤੀ ਆਪਣੀ ਨਰਾਜਗੀ ਜਾਹਿਰ ਕਰਦਿਆਂ ਦੱਸਿਆ ਕਿ ਉਹ ਸਿਸਟਮ ਤੋਂ ਬਹੁਤ ਨਰਾਜ ਹਨ ਕਿਉਂਕਿ ਆਪਣੇ ਪਿੰਡ ਸਜਾਵਲਪੁਰ ਵਿਚ ਪੈਂਦੀ ਉਨ੍ਹਾਂ ਦੀ ਤਿੰਨ ਏਕੜ ਜਮੀਨ ਪਾਣੀ ਤੋਂ ਬਿਨਾ ਟਿਊਬੈੱਲ ਕੁਨੇਕਸ਼ਨ ਨਾ ਮਿਲਣ ਕਰਕੇ ਮਾਰੂ ਪਈ ਹੈ ਅਤੇ ਮੈਂ ਟਿਊਬਵੈਲ ਕੁਨੈਕਸ਼ਨ ਲੈਣ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਿਹਾ ਹਾਂ ਪਰ ਅਣਥਕ ਮਿਹਨਤ ਕਰਨ ਵਾਲੇ ਇਸ ਕਿਸਾਨ ਦੇ ਨਿਰਾਸ਼ਾ ਤੋਂ ਬਿਨਾ ਹੋਰ ਕੁੱਝ ਵੀ ਪੱਲੇ ਨਹੀਂ ਪਿਆ।