ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ ਨਿੱਜੀ ਸੁਆਰਥ ਤੋਂ ਉੱਠ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਸ ਨੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਆਪਣਾ ਫਿਕਰ ਛੱਡ ਦਿੱਤਾ ਹੈ। ਇਸ ਕਦਮ ਦੀ ਪੂਰਤੀ ਲਈ ਉਸ ਨੇ ਸਾਢੇ ਤਿੰਨ ਸਾਲ ਪਹਿਲਾਂ ਜ਼ਹਿਰੀਲੀ ਖੇਤੀ ਛੱਡ ਜੈਵਿਕ ਖੇਤੀ ਦਾ ਲੜ ਫੜ੍ਹ ਲਿਆ। ਉਹ ਕੀੜੇਮਾਰ ਜ਼ਹਿਰਾਂ ਤੇ ਖਾਦਾਂ ਨੂੰ ਅਲਵਿਦਾ ਕਹਿ ਜੈਵਿਕ ਖੇਤੀ ਕਰ ਰਿਹਾ ਹੈ। ਪਿਛਲੇ ਸਾਢੇ ਤਿੰਨ ਸਾਲ ਤੋਂ  ਗੁਰਦੀਪ ਸਿੰਘ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ।

ਮੁਸ਼ਕਲਾਂ ਆਈਆਂ ਨਹੀਂ ਛੱਡਿਆ ਹੌਸਲਾ:

ਗੁਰਦੀਪ ਸਿੰਘ ਮੁਤਾਬਕ ਉਸ ਨੇ ਪਹਿਲੀ ਦਫ਼ਾ ਜਦੋਂ ਸਬਜ਼ੀਆਂ ਦੀ ਖੇਤੀ ਕੀਤੀ ਤਾਂ ਸਬਜ਼ੀਆਂ ਵਿਕ ਨਹੀਂ ਰਹੀਆਂ ਸਨ, ਪਰ ਦੋ ਦਿਨ ਬਾਅਦ ਉਸ ਦੇ ਰਿਸ਼ਤੇਦਾਰ ਸਬਜ਼ੀਆਂ ਨੂੰ ਬਠਿੰਡਾ ਸ਼ਹਿਰ ਲੈ ਗਏ ਤਾਂ ਸਬਜ਼ੀਆਂ ਹੱਥੋ ਹੱਥ ਵਿਕ ਗਈਆਂ, ਜਿਸ ਕਾਰਨ ਉਸ ਦਾ ਹੌਂਸਲਾ ਵੱਧ ਗਿਆ। ਇਸ ਤੋਂ ਬਾਅਦ ਉਸ ਨੇ ਕਣਕ ਦੀ ਖੇਤੀ ਜੈਵਿਕ ਢੰਗ ਨਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਕਰੀਬ ਪੰਜ ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰ ਰਿਹਾ ਹੈ।

ਕਿਸਾਨ ਗੁਰਦੀਪ ਸਿੰਘ ਨੇ ਗੰਡੋਆ ਖਾਦ ਤਿਆਰ ਕਰਨ ਦਾ ਪ੍ਰੋਜੈਕਟ ਵੀ ਆਪਣੇ ਖੇਤ ਵਿਚ ਲਾਇਆ ਹੋਇਆ ਹੈ। ਕਿਸਾਨ ਦਾ ਕਹਿਣਾ ਸੀ ਕਿ ਭਾਵੇਂ ਜੈਵਿਕ ਖੇਤੀ ਵਿੱਚ ਕੋਈ ਬਹੁਤੀ ਕਮਾਈ ਤਾਂ ਨਹੀਂ, ਪਰ ਘਾਟਾ ਵੀ ਨਹੀਂ ਪੈਂਦਾ। ਉਹ ਨਵੀਂ ਪੀੜ੍ਹੀ ਦੀ ਸਿਹਤ ਨੂੰ ਲੈ ਕੇ ਜੈਵਿਕ ਖੇਤੀ ਕਰ ਰਿਹਾ ਹੈ ਤਾਂ ਜੋ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਤੋਂ ਫੈਲ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਪਤਨੀ ਵੀ ਕਰਦੀ ਖੇਤੀ:

ਕਿਸਾਨ ਗੁਰਦੀਪ ਸਿੰਘ ਮਹਿਮਾ ਸਵਾਈ ਨੇ ਦੱਸਿਆ ਕਿ ਜੈਵਿਕ ਖੇਤੀ ਦੇ ਨਾਲ ਨਾਲ ਉਸ ਦੀ ਪਤਨੀ ਘਰ ਵਿੱਚ ਅਚਾਰ ਤਿਆਰ ਕਰਦੀ ਹੈ, ਜਿਸ ਨੂੰ ਅੱਗੇ ਵੇਚ ਕੇ ਉਹ ਮੁਨਾਫ਼ਾ ਕਮਾ ਰਿਹਾ ਹੈ। ਉਸ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਬਿਠੰਡਾ ਤੋਂ ਉਸ ਦੀ ਪਤਨੀ ਨੇ ਅਚਾਰ ਤਿਆਰ ਕਰਨ ਦੀ ਸਿਖਲਾਈ ਲਈ। ਹੁਣ ਉਹ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਵਸਤਾਂ ਦਾ ਅਚਾਰ ਤਿਆਰ ਕਰਦੀ ਹੈ, ਜਿਸ ਨੂੰ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿਸਾਨ ਪਰਿਵਾਰ ਦੇ ਹਰ ਮੈਂਬਰ ਨੂੰ ਕੋਈ ਨਾ ਕੋਈ ਕੰਮ ਕਰਨਾ ਪਵੇਗਾ ਤਾਂ ਹੀ ਗੁਜ਼ਾਰਾ ਹੋ ਸਕੇਗਾ। ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਘਰ ਵਿੱਚ ਕਮਾਉਣ ਵਾਲਾ ਇਕੱਲਾ ਹੁੰਦਾ ਹੈ ਪਰ ਖਰਚ ਕਰਨ ਵਾਲੇ ਕਈ ਮੈਂਬਰ ਹੁੰਦੇ ਹਨ। ਇਸ ਲਈ ਹਰ ਮੈਂਬਰ ਨੂੰ ਖੇਤੀ ਨਾਲ ਕੋਈ ਸਹਾਇਕ ਧੰਦਾ ਵੀ ਅਪਣਾ ਲੈਣਾ ਚਾਹੀਦਾ ਹੈ।