ਮਾਨਸਾ: ਬੇਕਾਬੂ ਹੋਏ ਆਵਾਰਾ ਪਸ਼ੂਆਂ ਤੋਂ ਅੱਕੇ ਲੋਕ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਇੱਕਜੁੱਟ ਹੋਣ ਲੱਗੇ ਹਨ। ਇਸ ਦੀ ਮਿਸਾਲ ਸ਼ੁੱਕਰਵਾਰ ਨੂੰ ਮਾਨਸਾ ਵਿੱਚ ਵੇਖਣ ਨੂੰ ਮਿਲੀ। ਇੱਥੇ ਹਿੰਦੂ ਤੇ ਸਿੱਖ ਭਾਈਚਾਰੇ ਨਾ ਸਿਰਫ ਦੁਕਾਨਾਂ ਬੰਦ ਰੱਖੀਆਂ ਸਗੋਂ ਕੜਕਦੀ ਧੁੱਪ ਵਿੱਚ ਧਰਨੇ 'ਤੇ ਬੈਠ ਕੇ ਇੱਕਜੁਟਤਾ ਦੇ ਪ੍ਰਗਟਾਵਾ ਕੀਤਾ। ਇਹ ਪਹਿਲੀ ਵਾਰ ਹੋਇਆ ਕਿ ਆਵਾਰਾ ਪਸ਼ੂਆਂ ਨੂੰ ਲੈ ਕੇ ਸਾਰਾ ਦਿਨ ਸ਼ਹਿਰ ਬੰਦ ਰਿਹਾ।
ਹੋਰ ਤਾਂ ਹੋਰ ਜ਼ਿਲ੍ਹੇ ਦੇ ਬੁਢਲਾਡਾ, ਬੋਹਾ ਸਮੇਤ ਹੋਰ ਕਸਬਿਆਂ ਵਿੱਚ ਵੀ ਲੋਕਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਵਿਰੋਧ ਵਿੱਚ ਆਪੋ-ਆਪਣੇ ਕਾਰੋਬਾਰ ਬੰਦ ਰੱਖੇ। ਵਪਾਰ ਮੰਡਲ ਸਮੇਤ ਹੋਰ ਧਿਰਾਂ ਵੱਲੋਂ ਤਿੰਨ ਦਿਨ ਪਹਿਲਾਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਸਾਰੀਆਂ ਸਿਆਸੀ, ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦਕ ਧਿਰਾਂ ਨੇ ਏਕਤਾ ਦਾ ਸਬੂਤ ਦਿੰਦਿਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਸਿਵਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਵਾਰਾ ਪਸ਼ੂਆਂ ਤੋਂ ਲੋਕਾਂ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਢੁੱਕਵੀਂ ਚਾਰਾਜੋਈ ਨਾ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਜਤਾਇਆ।
ਅਵਾਰਾ ਪਸ਼ੂਆਂ ਕਾਰਨ ਚਾਰ ਤੋਂ ਵੱਧ ਹੋਈਆਂ ਮੌਤਾਂ ਤੇ ਦਰਜਨਾਂ ਸ਼ਹਿਰੀਆਂ ਦੇ ਜ਼ਖ਼ਮੀ ਹੋਣ ’ਤੇ ਵੀ ਪ੍ਰਸ਼ਾਸਨਿਕ ਅਫ਼ਸਰਾਂ ਵੱਲੋਂ ਸਮਾਜਿਕ ਭਾਈਚਾਰੇ ਵਜੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਨਾ ਕਰਨ ਦੀ ਮੰਚ ਤੋਂ ਕਰੜੀ ਨਿੰਦਾ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਨਾ ਲੈਣ ਦੇ ਵਿਰੋਧ ਵਜੋਂ ਲੋਕਾਂ ਦਾ ਲਾਵਾ ਪ੍ਰਸ਼ਾਸਨ ਵਿਰੁੱਧ ਹੋਰ ਫੁੱਟ ਗਿਆ ਤੇ ਧਰਨਾਕਾਰੀਆਂ ਨੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ।
ਸਵੇਰੇ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਬਾਰਾਂ ਹੱਟਾਂ ਚੌਕ ਵਿੱਚ ਇਕੱਠ ਕਰਨ ਤੋਂ ਬਾਅਦ ਜਲੂਸ ਦੀ ਸ਼ਕਲ ਵਿੱਚ ਜ਼ਿਲ੍ਹਾ ਕਚਹਿਰੀਆਂ ਵਿੱਚ ਜਾ ਕੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧਰਨਾ ਲਾਇਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਘੁੱਗੂ ਬਣਿਆ ਹੋਇਆ ਹੈ। ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਗੂੰਗੇ ਤੇ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਮਾਨਸਾ ਦੇ ਵਕੀਲਾਂ ਵੱਲੋਂ ਇਸ ਮਸਲੇ ’ਤੇ ਇਨਸਾਫ਼ ਲਈ ਅਦਾਲਤਾਂ ਦਾ ਸਹਾਰਾ ਲਿਆ ਜਾਣ ਲੱਗਾ ਹੈ।
ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਵੱਲੋਂ ਆਵਾਰਾ ਪਸ਼ੂਆਂ ਦੇ ਮੁੱਦੇ ’ਤੇ ਆਰੰਭੇ ਸੰਘਰਸ਼ ਨੂੰ ਇਤਿਹਾਸਕ ਉਪਰਾਲਾ ਕਰਾਰ ਦਿੱਤਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬੇਲੋੜੇ ਗੋਕੇ ਪਸ਼ੂ ਵਿਕਣ ਉੱਤੇ ਲੱਗੀ ਰੋਕ ਕਾਰਨ ਹਰ ਸਾਲ ਲੱਖਾਂ ਨਵੇਂ ਫਾਲਤੂ ਫੰਡਰ ਪਸ਼ੂ ਸੜਕਾਂ ’ਤੇ ਆ ਰਹੇ ਹਨ, ਜਿਨ੍ਹਾਂ ਲਈ ਹੁਣ ਜ਼ਰੂਰਤ ਮੁਤਾਬਕ ਮੀਟ ਪਲਾਂਟ ਲਾਏ ਜਾਣੇ ਚਾਹੀਦੇ ਹਨ। ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਪਸ਼ੂ ਪਾਲਕਾਂ ਦੀ ਆਮਦਨ ਦਾ ਵੱਡਾ ਸਾਧਨ ਇਨ੍ਹਾਂ ਪਸ਼ੂਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਕੋਈ ਨਵਾਂ ਕਾਨੂੰਨ ਕਾਇਮ ਕਰਨਾ ਚਾਹੀਦਾ ਹੈ। ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਜਤਾਈ ਕਿ ਅਮਰੀਕਨ ਢੱਠਿਆਂ ਨੂੰ ਇਥੇ ਸਾਂਭ ਕੇ ਰੱਖਣਾ ਹੁਣ ਸੰਭਵ ਨਹੀਂ।
ਇਸ ਮੌਕੇ ਸ਼ਿਵ ਸੈਨਾ (ਬਾਲ ਠਾਕਰੇ) ਨੇ ਕਿਹਾ ਕਿ ਬੇਸਹਾਰਾ ਪਸ਼ੂ ਤੇ ਅਮਰੀਕੀ ਢੱਠੇ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦੇ। ਇਸ ਲਈ ਉਨ੍ਹਾਂ ਨੂੰ ਕੱਟਿਆਂ, ਮੁਰਗਿਆਂ ਤੇ ਬੱਕਰਿਆਂ ਵਾਂਗ ਵੇਚਣ ਦੀ ਸਰਕਾਰੀ ਤੌਰ ’ਤੇ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਸੀਪੀਆਈ (ਐਮਐਲ) ਲਿਬਰੇਸ਼ਨ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਅਮਰੀਕੀ ਢੱਠਿਆਂ ਦੇ ਖਾਤਮੇ ਲਈ ਸਲਾਟਰ ਹਾਊਸ ਤੁਰੰਤ ਖੁੱਲ੍ਹਣੇ ਚਾਹੀਦੇ ਹਨ।
ਆਵਾਰਾ ਪਸ਼ੂਆਂ ਦੇ ਕਹਿਰ ਖਿਲਾਫ ਉੱਠ ਖੜ੍ਹੇ ਲੋਕ, ਪਹਿਲੀ ਵਾਰ ਧਰਮ ਦੀਆਂ ਵਲਗਣਾ ਤੋੜ ਹੋਏ ਇੱਕਜੁੱਟ
ਏਬੀਪੀ ਸਾਂਝਾ
Updated at:
14 Sep 2019 12:57 PM (IST)
ਬੇਕਾਬੂ ਹੋਏ ਆਵਾਰਾ ਪਸ਼ੂਆਂ ਤੋਂ ਅੱਕੇ ਲੋਕ ਧਰਮ ਦੀਆਂ ਵਲਗਣਾ ਤੋਂ ਉੱਪਰ ਉੱਠ ਇੱਕਜੁੱਟ ਹੋਣ ਲੱਗੇ ਹਨ। ਇਸ ਦੀ ਮਿਸਾਲ ਸ਼ੁੱਕਰਵਾਰ ਨੂੰ ਮਾਨਸਾ ਵਿੱਚ ਵੇਖਣ ਨੂੰ ਮਿਲੀ। ਇੱਥੇ ਹਿੰਦੂ ਤੇ ਸਿੱਖ ਭਾਈਚਾਰੇ ਨਾ ਸਿਰਫ ਦੁਕਾਨਾਂ ਬੰਦ ਰੱਖੀਆਂ ਸਗੋਂ ਕੜਕਦੀ ਧੁੱਪ ਵਿੱਚ ਧਰਨੇ 'ਤੇ ਬੈਠ ਕੇ ਇੱਕਜੁਟਤਾ ਦੇ ਪ੍ਰਗਟਾਵਾ ਕੀਤਾ। ਇਹ ਪਹਿਲੀ ਵਾਰ ਹੋਇਆ ਕਿ ਆਵਾਰਾ ਪਸ਼ੂਆਂ ਨੂੰ ਲੈ ਕੇ ਸਾਰਾ ਦਿਨ ਸ਼ਹਿਰ ਬੰਦ ਰਿਹਾ।
- - - - - - - - - Advertisement - - - - - - - - -