Agricultural Story Punjab Farmer: ਝੋਨੇ ਦੀ ਫਸਲ ਪੰਜਾਬ ਵਿਚ ‘ਅੱਤਵਾਦੀ‘ ਹੈ ਇਹ ਪੰਜਾਬ ਦਾ ਦੇ ਪਾਣੀ ਅਤੇ ਹਵਾ ਨੂੰ ਖ਼ਰਾਬ ਕਰ ਰਹੀ ਹੈ। ਇਹ ਗੱਲ ਸਾਰੇ ਕਿਸਾਨ ਜਾਣਦੇ ਹਨ ਪਰ ਫਿਰ ਵੀ ਹਰ ਸਾਲ ਪੰਜਾਬ ਵਿਚ ਕਈ ਸਾਰੇ ਕਿਸਾਨ ਝੋਨੇ ਦੀ ਖੇਤੀ ਕਰਦੇ ਹਨ। ਜਿਸ ਵਿੱਚ ਕਿਸਾਨ ਕਈ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਵੀ ਕਰਦੇ ਹਨ। ਜਿਸ ਨੂੰ ਲੈ ਕੇ ਕਿਸਾਨਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਖਾਦਾਂ ਇਨਸਾਨ ਦੀ ਸਿਹਤ ਨੂੰ ਤਾਂ ਨੁਕਸਾਨ ਕਰਦੀਆਂ ਹੀ ਹਨ ਪਰ ਇਸ ਦੇ ਨਾਲ-ਨਾਲ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ। ਇਨ੍ਹਾਂ ਸਾਰਿਆਂ ਮਾਮਲਿਆਂ ਦੇ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਇੱਕ ਕਿਸਾਨ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਜਿਸ ਨੂੰ ਭਾਰਤ ਸਰਕਾਰ ਵੀ ਦੋ ਵਾਰ ਸਨਮਾਨਿਤ ਕਰ ਚੁੱਕੀ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਦੇ ਰਹਿਣ ਵਾਲਾ ਇਹ ਕਿਸਾਨ ਝੋਨੇ ਅਤੇ ਕਣਕ ਦੀ ਬਿਜਾਈ ਛੱਡ ਕੇ ਆਰਗੈਨਿਕ ਖਾਦਾਂ ਅਤੇ ਸਪਰੇਆਂ ਤੋਂ ਬਿਨਾਂ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ ਅਤੇ ਚੋਖੀ ਕਮਾਈ ਵੀ ਕਰ ਰਿਹਾ ਹੈ। ਆਓ ਇਹਨਾਂ ਬਾਰੇ ਜਾਣੀਏ...
ਖੁਦ ਮੰਡੀਕਰਨ ਕਰਕੇ ਕਮਾਉਂਦੇ ਹਨ ਮੁਨਾਫਾ
ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਦੇ ਰਹਿਣ ਵਾਲੇ ਕਿਸਾਨ ਚਮਕੌਰ ਸਿੰਘ ਝੋਨੇ ਅਤੇ ਕਣਕ ਦੀ ਬਿਜਾਈ ਛੱਡ ਕੇ ਆਰਗੈਨਿਕ ਖਾਦਾਂ ਅਤੇ ਸਪਰੇਆਂ ਤੋਂ ਬਿਨਾਂ ਉਹ ਆਪਣੀ ਢਾਈ ਕਿੱਲੇ ਦੀ ਜ਼ਮੀਨ ਵਿੱਚ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਖੁਦ ਮੰਡੀਕਰਨ ਕਰਕੇ ਮੁਨਾਫਾ ਕਮਾਉਂਦੇ ਹਨ। ਖ਼ਾਸ ਕਰਕੇ ਸਰਦੀਆਂ ਵਿੱਚ ਆਪਣੇ ਪਰਿਵਾਰ ਦੀ ਮਦਦ ਨਾਲ ਚਮਕੌਰ ਸਿੰਘ ਹਰ ਰੋਜ਼ ਘਰ ਵਿੱਚ 30 ਤੋਂ 35 ਕਿਲੋ ਸਰ੍ਹੋਂ ਦਾ ਸਾਗ ਅਤੇ ਕਾਲੀ ਦਾਲ ਤਿਆਰ ਕਰਦਾ ਹੈ ਅਤੇ ਉਹ ਸਾਗ ਤੇ ਸਬਜ਼ੀਆਂ ਦੀ ਚੰਗੀ ਪੈਕਿੰਗ ਕਰਕੇ ਮੰਡੀ ਵਿੱਚ ਵੇਚਣ ਜਾਂਦੇ ਹਨ।
ਵਿਆਹ-ਸ਼ਾਦੀਆਂ 'ਚ ਸਾਗ ਤੇ ਮੱਕੀ ਦੀਆਂ ਰੋਟੀਆਂ ਦਾ ਵੀ ਮਿਲਦੈ ਆਰਡਰ
ਕਿਸਾਨ ਚਮਕੌਰ ਸਿੰਘ ਆਖਦੇ ਹਨ ਕਿ ਉਹਨਾਂ ਨੂੰ ਸਬਜ਼ੀਆਂ ਦੇ ਆਰਡਰਾਂ ਦੇ ਨਾਲ-ਨਾਲ ਵਿਆਹ-ਸ਼ਾਦੀਆਂ ਵਿਚ ਸਾਗ ਅਤੇ ਮੱਕੀ ਦੀਆਂ ਰੋਟੀਆਂ ਦੇ ਵੀ ਆਰਡਰ ਮਿਲਦੇ ਹਨ। ਇਹਨਾਂ ਆਰਡਰਾਂ ਨੂੰ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਪੂਰਾ ਕਰਦੇ ਹਨ। ਉਹਨਾਂ ਦੱਸਿਆ, "ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਇਸ ਪਰਾਲੀ ਦੇ ਧੂੰਏਂ ਕਾਰਨ ਅਨੇਕਾਂ ਬਿਮਾਰੀਆਂ ਫੈਲ ਰਹੀਆਂ ਹਨ। ਕਈ ਹਾਦਸੇ ਵਾਪਰਦੇ ਹਨ, ਜਿਸ ਕਾਰਨ ਇਹ ਇੱਕ ‘ਅੱਤਵਾਦੀ’ ਫਸਲ ਵਜੋਂ ਕੰਮ ਕਰਦੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਪੰਜਾਬ ਵਿੱਚ ਵਿਕਰੀ ਵੀ ਘੱਟ ਹੈ। ਲੋਕ ਇਸ ਦੀ ਵਰਤੋਂ ਘੱਟ ਕਰਦੇ ਹਨ, ਇਸ ਲਈ ਹੁਣ ਪਿਛਲੇ ਕੁਝ ਸਾਲਾਂ ਤੋਂ ਝੋਨੇ ਅਤੇ ਕਣਕ ਦੀ ਬਿਜਾਈ ਨੂੰ ਛੱਡ ਕੇ ਅਸੀਂ ਸਬਜ਼ੀਆਂ ਆਦਿ ਦੀ ਖੇਤੀ ਕਰ ਰਹੇ ਹਾਂ।'
ਚਮਕੌਰ ਸਿੰਘ ਦੇ ਦੋ ਲੜਕੇ ਇੰਜੀਨੀਅਰ ਹਨ, ਪਰ ਨਹੀਂ ਕਰਦੇ ਕੋਈ ਨੌਕਰੀ
ਕਿਸਾਨ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ ਜਿਨ੍ਹਾਂ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਉਨ੍ਹਾਂ ਦੀ ਨੂੰਹ ਜੋ ਕਿ ਜੀਐਨਐਮ (GNM) ਦਾ ਕੋਰਸ ਕਰ ਰਹੀ ਹੈ ਅਤੇ ਉਸ ਦੀ ਪਤਨੀ ਤੋਂ ਇਲਾਵਾ ਦੋ ਹੋਰ ਰਿਸ਼ਤੇਦਾਰ ਉਹਨਾਂ ਨਾਲ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਚਾਰ-ਪੰਜ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।