Punjab News: ਸਰਕਾਰਾਂ ਬੇਸ਼ੱਕ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਤੋੜ ਕੇ ਕਿਸਾਨਾਂ ਨੂੰ ਹੋਰਨਾਂ ਫਸਲਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਪੁਖਤਾ ਨੀਤੀ ਨਾ ਬਣਾਏ ਜਾਣ ਕਰਕੇ ਕਿਸਾਨ ਮੁੜ ਰਵਾਇਤੀ ਫਸਲਾਂ ਵੱਲ ਮੁੜਨ ਲਈ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਨਰਮਾ ਕਾਸ਼ਤਕਾਰਾਂ ਦੀ ਹੈ। ਸਰਕਾਰੀ ਅਣਦੇਖੀ ਕਰਕੇ ਕਿਸਾਨ ਨਰਮਾ ਬੀਜਣ ਤੋਂ ਤੌਬਾ ਕਰਨ ਲੱਗੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਨਰਮੇ ਦੀ ਬਿਜਾਈ ਹੇਠਲਾ ਰਕਬਾ ਵੱਡੀ ਪੱਧਰ ’ਤੇ ਘੱਟ ਗਿਆ ਹੈ। ਪੰਜਾਬ ਸਰਕਾਰ ਨੇ ਐਤਕੀ 3 ਲੱਖ ਹੈਕਟਰੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਮਿੱਥਿਆ ਸੀ ਪਰ ਬਿਜਾਈ ਮਹਿਜ਼ 1.75 ਲੱਖ ਹੈਕਟੇਅਰ ਵਿੱਚ ਹੋਈ ਹੈ। ਇਹ ਖੁਲਾਸਾ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਨਰਮੇ ਹੇਠਲਾ ਰਕਬਾ 2 ਲੱਖ ਹੈਕਟੇਅਰ ਤੋਂ ਵੀ ਘੱਟ ਗਿਆ ਹੈ।
ਹਾਲਾਂਕਿ ਖੇਤੀਬਾੜੀ ਵਿਭਾਗ ਨੇ ਐਤਕੀ ਝੋਨੇ ਦੀ ਫ਼ਸਲ ਨਾਲ ਹੁੰਦੀ ਪਾਣੀ ਦੀ ਵਾਧੂ ਵਰਤੋਂ ਰੋਕਣ ਲਈ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪ੍ਰੇਰਨ ਵਾਸਤੇ ਪੂਰੀ ਵਾਹ ਲਾ ਦਿੱਤੀ ਸੀ ਪਰ ਫਿਰ ਵੀ ਕਿਸਾਨਾਂ ਨੇ ਨਰਮੇ ਦੀ ਬਿਜਾਈ ’ਚ ਦਿਲਚਸਪੀ ਨਹੀਂ ਦਿਖਾਈ। ਖੇਤੀਬਾੜੀ ਵਿਭਾਗ ਨੇ ਅਧਿਕਾਰੀਆਂ ਨੇ ਆਖਿਆ ਕਿ ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ 3 ਲੱਖ ਹੈਕਟੇਅਰ ਰਕਬੇ ਵਿੱਚ ਨਰਮਾ ਬੀਜਣ ਦਾ ਟੀਚਾ ਮਿੱਥਿਆ ਸੀ ਪਰ ਨਰਮੇ ਦੀ ਬਿਜਾਈ ਮਹਿਜ਼ 1.75 ਲੱਖ ਹੈਕਟਰੇਅਰ ਰਕਬੇ ਵਿੱਚ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਨਰਮੇ ਹੇਠਲਾ ਰਕਬਾ ਘਟਣ ਦਾ ਮੁੱਖ ਕਾਰਨ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੈ, ਕਿਉਂਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਨਰਮੇ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੇ ਨਰਮੇ ਦੀ ਬਿਜਾਈ ਤੋਂ ਐਤਕੀ ਕਿਨਾਰਾ ਕਰ ਲਿਆ। ਨਰਮੇ ਹੇਠਲਾ ਰਕਬਾ ਘਟਣ ਦਾ ਦੂਜਾ ਕਾਰਨ ਬਿਜਾਈ ਮੌਕੇ ਮੀਂਹ ਪੈਣਾ ਮੰਨਿਆ ਜਾ ਰਿਹਾ ਹੈ, ਕਿਉਂਕਿ ਮੀਂਹ ਕਾਰਨ ਨਰਮਾ ’ਤੇ ਕਰੰਡ ਹੋ ਜਾਂਦਾ ਹੈ, ਜਿਸ ਕਾਰਨ ਬੀਜ ਪੁੰਗਰਦਾ ਨਹੀਂ ਹੈ।
ਹਾਲਾਂਕਿ ਕਿਸਾਨਾਂ ਨੇ 2500 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਮੁੜ ਬਿਜਾਈ ਕੀਤੀ ਸੀ ਪਰ ਮੁੜ ਪਏ ਮੀਂਹ ਨੇ ਫਿਰ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਨਰਮਾ ਨਾ ਬੀਜਣ ਦਾ ਫ਼ੈਸਲਾ ਕੀਤਾ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਜਿਹੜੇ ਕਿਸਾਨਾਂ ਨੇ ਐਤਕੀ ਨਰਮਾ ਨਹੀਂ ਬੀਜਿਆ ਉਹ ਬਾਸਮਤੀ ਤੇ ਝੋਨਾ ਲਾਉਣਗੇ। ਪੰਜਾਬ ਵਿੱਚ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਸੰਗਰੂਰ ਤੇ ਮੋਗਾ ਤੇ ਫਰੀਦਕੋਟ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਹਨ।
ਸਾਲ 1990 ਵਿੱਚ ਪੰਜਾਬ ਵਿੱਚ ਸੱਤ ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਸੀ ਪਰ ਪਿਛਲੇ ਕੁਝ ਸਾਲਾਂ ਵਿਚ ਨਰਮੇ ਹੇਠਲਾ ਰਕਬਾ ਲਗਾਤਾਰ ਘਟਿਆ ਹੈ। ਵੇਰਵਿਆਂ ਅਨੁਸਾਰ ਸਾਲ 2018-19 ਵਿੱਚ ਨਰਮੇ ਹੇਠਲਾ ਰਕਬਾ 2.68 ਲੱਖ ਹੈਕਟੇਅਰ ਸੀ। ਇਸ ਤੋਂ ਅਗਲੇ ਸਾਲ 2019-20 ਵਿੱਚ ਇਹ ਰਕਬਾ ਘੱਟ ਕੇ 2.48 ਲੱਖ ਹੈਕਟੇਅਰ ਰਹਿ ਗਿਆ। ਇਸੇ ਤਰ੍ਹਾਂ ਸਾਲ 2020-21 ਅਤੇ 2021-22 ਵਿੱਚ ਪੰਜਾਬ ਵਿੱਚ ਨਰਮੇ ਹੇਠਲਾ ਰਕਬਾ ਕ੍ਰਮਵਾਰ 2.52 ਅਤੇ 2.51 ਲੱਖ ਹੈਕਟੇਅਰ ਰਿਹਾ।
ਅਧਿਕਾਰੀਆਂ ਨੇ ਆਖਿਆ ਕਿ ਪੰਜਾਬ ਵਿੱਚ ਸਾਲ 2018-19 ਵਿੱਚ ਨਰਮੇ ਦੀ ਬੰਪਰ ਫ਼ਸਲ ਹੋਈ ਸੀ, ਜਿਸ ਦਾ ਝਾੜ ਪ੍ਰਤੀ ਹੈਕਟੇਅਰ ਸਵਾ ਅੱਠ ਕੁਇੰਟਲ ਸੀ। ਇਸ ਤੋਂ ਅਗਲੇ ਸਾਲ 2019-20 ਵਿਚ ਇਹ ਝਾੜ ਕਰੀਬ ਸੱਤ ਕੁਇੰਟਲ ਪ੍ਰਤੀ ਹੈਕਟੇਅਰ ਰਹਿ ਗਿਆ। ਉਨ੍ਹਾਂ ਆਖਿਆ ਕਿ ਹੁਣ ਝਾੜ ਘੱਟ ਕੇ ਸਵਾ ਚਾਰ ਕੁਇੰਟਲ ਪ੍ਰਤੀ ਹੈਕਟੇਅਰ ਰਹਿ ਗਿਆ। ਦੂਜੇ ਪਾਸੇ ਐਤਕੀ ਪੰਜਾਬ ਸਰਕਾਰ ਨੇ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪਹਿਲੀ ਅਪਰੈਲ ਤੋਂ ਨਹਿਰੀ ਪਾਣੀ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਰਮੇ ਦੇ ਬੀਜ ’ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
Punjab News: ਫੋਕੇ ਹੀ ਸਾਬਤ ਹੋ ਰਹੇ ਸਰਕਾਰੀ ਦਾਅਵੇ! ਕਿਸਾਨ ਮੁੜ ਰਵਾਇਤੀ ਫਸਲਾਂ ਵੱਲ ਮੁੜਨ ਲਈ ਮਜਬੂਰ, ਹੋਸ਼ ਉਡਾ ਦੇਣ ਵਾਲੇ ਅੰਕੜੇ ਆਏ ਸਾਹਮਣੇ
ABP Sanjha
Updated at:
19 Jun 2023 09:40 AM (IST)
Edited By: shankerd
Punjab News: ਸਰਕਾਰਾਂ ਬੇਸ਼ੱਕ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਤੋੜ ਕੇ ਕਿਸਾਨਾਂ ਨੂੰ ਹੋਰਨਾਂ ਫਸਲਾਂ ਵੱਲ ਉਤਸ਼ਾਹਿਤ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਕੇਂਦਰ ਤੇ ਪੰਜਾਬ
Farmers
NEXT
PREV
Published at:
19 Jun 2023 09:40 AM (IST)
- - - - - - - - - Advertisement - - - - - - - - -