Heatwave In Punjab: ਦੇਸ਼ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਤਾਪਮਾਨ ਲਗਾਤਾਰ ਆਮ ਨਾਲੋਂ ਵੱਧ ਹੈ। ਗਰਮੀ ਦੇ ਮੱਦੇਨਜ਼ਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਨੇ ਸੂਬੇ ਦੇ ਕਿਸਾਨਾਂ ਨੂੰ ਅਸਾਧਾਰਨ ਤੌਰ 'ਤੇ ਵੱਧ ਰਹੇ ਤਾਪਮਾਨ ਤੋਂ ਸਾਵਧਾਨੀ ਵਰਤਣ ਲਈ ਕਿਹਾ ਹੈ। ਜਿਸ 'ਚ ਕਿਹਾ ਗਿਆ ਹੈ ਕਿ ਗਰਮੀ ਜ਼ਿਆਦਾ ਹੋਣ ਕਾਰਨ ਖੇਤਾਂ 'ਚ ਫਸਲਾਂ ਅਤੇ ਪਸ਼ੂਆਂ 'ਤੇ ਹੀਟਵੇਵ ਦਾ ਅਸਰ ਪੈ ਸਕਦਾ ਹੈ।


ਸੁੱਕ ਸਕਦੀਆਂ ਹਨ ਸਬਜ਼ੀਆਂ 
ਪੀਏਯੂ ਦੇ ਐਕਸਟੈਂਸ਼ਨ ਸਿੱਖਿਆ ਨਿਰਦੇਸ਼ਕ ਡਾ: ਅਸ਼ੋਕ ਕੁਮਾਰ ਨੇ ਕਹਿਰ ਦੀ ਗਰਮੀ ਅਤੇ ਪਾਣੀ ਦੀ ਵੱਧ ਰਹੀ ਮੰਗ ਬਾਰੇ ਸੁਚੇਤ ਕੀਤਾ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਖੇਤ ਵਿੱਚ ਨਵੇਂ ਪੁੰਗਰਦੇ ਪੌਦੇ ਤੇਜ਼ ਧੁੱਪ ਕਾਰਨ ਸੜ ਸਕਦੇ ਹਨ ਜਾਂ ਮਰ ਸਕਦੇ ਹਨ। ਝੋਨੇ ਦੀ ਨਰਸਰੀ ਅਤੇ ਹਾਲ ਹੀ ਵਿੱਚ ਬੀਜੀ ਕਪਾਹ ਦੀ ਫ਼ਸਲ ਦੇ ਨਵੇਂ ਪੱਤਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਤੇਜ਼ ਧੁੱਪ ਸਬਜ਼ੀਆਂ ਦੀ ਫ਼ਸਲ ਅਤੇ ਇਸ ਦੇ ਫੁੱਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਗਰਮੀ 'ਮੂੰਗੀ' ਦੇ ਫੁੱਲ ਦੇ ਡਿੱਗਣ ਦਾ ਕਾਰਨ ਵੀ ਬਣ ਸਕਦੀ ਹੈ।



ਫਲ ਨੂੰ ਹੋ ਸਕਦਾ ਨੁਕਸਾਨ 
ਇਸ ਤਰ੍ਹਾਂ, ਫਸਲਾਂ ਦੀ ਸਹੀ ਨਿਗਰਾਨੀ ਜ਼ਰੂਰੀ ਹੈ, ਉਹਨਾਂ ਵਿੱਚ ਗਰਮੀ ਅਤੇ ਪਾਣੀ ਦੇ ਪੱਧਰ 'ਤੇ ਨਜ਼ਰ ਰੱਖੀਏ। ਫ਼ਸਲਾਂ ਨੂੰ ਸਮੇਂ-ਸਮੇਂ 'ਤੇ ਲੋੜ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਫਲਾਂ ਦੀਆਂ ਫ਼ਸਲਾਂ ਲਈ ਗਰਮ ਮੌਸਮ ਵੀ ਠੀਕ ਨਹੀਂ ਹੈ, ਇਸ ਲਈ ਇਨ੍ਹਾਂ ਦੀ ਢੁਕਵੀਂ ਸੁਰੱਖਿਆ ਜ਼ਰੂਰੀ ਹੈ। ਇਸ ਮੌਸਮ ਵਿੱਚ ਖਾਸ ਕਰਕੇ ਅੰਬ, ਲੀਚੀ, ਨਾਸ਼ਪਾਤੀ ਅਤੇ ਖੱਟੇ ਫਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਸਿੰਚਾਈ ਕਰਦੇ ਰਹੋ, ਤਾਂ ਜੋ ਸਹੀ ਨਮੀ ਬਣੀ ਰਹੇ। ਛੋਟੇ ਅਤੇ ਕੋਮਲ ਪੌਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਤੂੜੀ ਜਾਂ ਮਲਚ ਨਾਲ ਢੱਕਿਆ ਜਾ ਸਕਦਾ ਹੈ।


ਪਾਲਤੂ ਜਾਨਵਰਾਂ ਵੱਲ ਵਿਸ਼ੇਸ਼ ਧਿਆਨ ਦਿਓ
ਨਾਲ ਹੀ ਗਰਮੀ ਨੂੰ ਦੇਖਦੇ ਹੋਏ ਪਾਲਤੂ ਜਾਨਵਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਗਰਮੀ ਅਤੇ ਡੀਹਾਈਡਰੇਸ਼ਨ ਤੋਂ ਬਚਣ ਲਈ, ਜਾਨਵਰਾਂ ਨੂੰ ਘਰ ਦੇ ਅੰਦਰ ਰੱਖੋ ਅਤੇ ਉਨ੍ਹਾਂ ਨੂੰ ਵਾਰ-ਵਾਰ ਪਾਣੀ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰੋ। ਜਾਨਵਰਾਂ ਦੇ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਅਤੇ ਗਰਮੀ ਨੂੰ ਘਟਾਉਣ ਲਈ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਨਵ੍ਹਾਓ । ਇਸ ਵਿੱਚ ਕੂਲਰ/ਪੱਖੇ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ, ਖਾਸ ਕਰਕੇ ਵਿਦੇਸ਼ੀ ਨਸਲ ਦੀਆਂ ਗਾਵਾਂ ਲਈ।