Punjab Weather Report: ਪੰਜਾਬ 'ਚ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਮੀਂਹ ਦੇ ਨਾਲ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਵੀ ਕੀਤੀ ਹੈ। ਐਤਵਾਰ ਰਾਤ ਅਤੇ ਸੋਮਵਾਰ ਨੂੰ ਪਏ ਮੀਂਹ ਕਾਰਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ।


ਐਤਵਾਰ ਰਾਤ ਚੰਡੀਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਮੀਂਹ ਸ਼ੁਰੂ ਹੋ ਗਿਆ, ਜੋ ਸੋਮਵਾਰ ਰਾਤ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਮੌਸਮ ਦੇ ਇਸ ਬਦਲਾਅ ਦਾ ਸ਼ਹਿਰ ਵਾਸੀ ਖੂਬ ਆਨੰਦ ਲੈ ਰਹੇ ਹਨ। ਸ਼ਾਮ ਨੂੰ ਸੁਖਨਾ ਝੀਲ 'ਤੇ ਭਾਰੀ ਭੀੜ ਵੇਖਣ ਨੂੰ ਮਿਲੀ ਅਤੇ ਲੋਕ ਸੈਰ ਕਰਦੇ ਵੀ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 30.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਚਕੂਲਾ ਵਿੱਚ 30.6 ਡਿਗਰੀ ਅਤੇ ਮੋਹਾਲੀ ਵਿੱਚ 30 ਡਿਗਰੀ ਰਿਹਾ। ਚੰਡੀਗੜ੍ਹ 'ਚ ਮੰਗਲਵਾਰ ਨੂੰ ਵੀ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।


ਮੌਸਮ ਵਿਭਾਗ ਨੇ ਪੱਛਮੀ ਮਾਲਵਾ ਨੂੰ ਛੱਡ ਕੇ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮਾਝਾ, ਦੋਆਬਾ ਅਤੇ ਮਾਲਵੇ ਦੇ ਪੂਰਬੀ ਹਿੱਸੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਨਾਲ ਹੀ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ 25 ਤੋਂ 27 ਮਈ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।


ਸੋਮਵਾਰ ਨੂੰ ਮੁਕਤਸਰ ਦਾ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਿਰੋਜ਼ਪੁਰ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਅਤੇ ਬਰਨਾਲਾ ਦਾ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਯੈਲੋ ਅਲਰਟ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।


ਲੁਧਿਆਣਾ ਵਿੱਚ 18 ਮਿਲੀਮੀਟਰ ਬਾਰਸ਼
ਬੀਤੇ ਐਤਵਾਰ ਰਾਤ ਨੂੰ ਲੁਧਿਆਣਾ ਵਿੱਚ ਸਭ ਤੋਂ ਵੱਧ 18 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਪਟਿਆਲਾ 'ਚ 17.6 ਮਿਲੀਮੀਟਰ, ਮੋਹਾਲੀ 'ਚ 11.5 ਅਤੇ ਪਠਾਨਕੋਟ 'ਚ 10 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਘੱਟ ਮੀਂਹ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪਿਆ। 24 ਘੰਟਿਆਂ ਵਿੱਚ 0.5 ਮਿਲੀਮੀਟਰ ਮੀਂਹ ਪਿਆ।


ਚੰਡੀਗੜ੍ਹ 'ਚ ਮੀਂਹ ਕਾਰਨ ਪਾਰਾ 7.4 ਡਿਗਰੀ ਤੱਕ ਡਿੱਗਾ
ਐਕਟਿਵ ਪੱਛਮੀ ਗੜਬੜ ਕਾਰਨ ਚੰਡੀਗੜ੍ਹ ਵਿੱਚ ਐਤਵਾਰ ਦੇਰ ਰਾਤ 11.5 ਮਿਲੀਮੀਟਰ ਮੀਂਹ ਪਿਆ। ਨਤੀਜੇ ਵਜੋਂ ਸੋਮਵਾਰ ਨੂੰ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 7.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਇੱਕ ਕਮਜ਼ੋਰ ਪੱਛਮੀ ਗੜਬੜੀ ਉੱਤਰੀ ਪਹਾੜੀ ਖੇਤਰਾਂ ਵਿੱਚ ਦਾਖਲ ਹੋਣ ਕਾਰਨ ਪੱਛਮੀ ਰਾਜਸਥਾਨ ਅਤੇ ਪੂਰਬੀ ਪਾਕਿਸਤਾਨ ਦੇ ਉੱਪਰ ਇੱਕ ਪ੍ਰੇਰਕ ਚੱਕਰਵਾਤ ਸਰਕੂਲੇਸ਼ਨ ਬਣ ਗਈ ਹੈ, ਜਿਸ ਕਾਰਨ ਚੰਡੀਗੜ੍ਹ, ਪੰਜਾਬ, ਹਰਿਆਣਾ ਸਮੇਤ ਆਸ-ਪਾਸ ਦੇ ਰਾਜਾਂ ਵਿੱਚ ਹਨੇਰੀ ਅਤੇ ਹਲਕੀ ਬਾਰਿਸ਼ ਹੋਣ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ।