ਹੁਸ਼ਿਆਰਪੁਰ : ਬਰਸਾਤ ਦੇ ਨਾਲ ਨਾਲ ਕਿਸਾਨ ਦੋਹਰੀ ਮਾਰ ਝੱਲ ਰਹੇ ਹਨ । ਨਕਲੀ ਬੀਜਾਂ ਅਤੇ ਦਵਾਈਆਂ ਕਾਰਨ ਹਰ ਸਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਜਿਸ ਨੂੰ ਕਿਸਾਨਾਂ ਵੱਲੋਂ ਸਰਕਾਰ ਦੀ ਨਾਕਾਮੀ ਕਿਹਾ ਜਾ ਰਿਹਾ ਹੈ। 


ਹੁਸ਼ਿਆਰਪੁਰ ਟਾਂਡਾ ਦੇ ਪਿੰਡ ਕੰਧਾਲੀ ਨਰੰਗਪੁਰ ਦੇ ਵਸਨੀਕ ਕਿਸਾਨ ਕੁਲਵਿੰਦਰ ਸਿੰਘ ਦੀ ਮੂੰਗੀ ਦੀ ਫਸਲ ਤਬਾਹ ਗਈ ਜਿਸ ਦੇ ਰੋਸ 'ਚ ਪਿੰਡ ਜਾਜਾ ਵਿਖੇ ਆਪਣੀ ਤਿੰਨ ਏਕੜ ਮੂੰਗੀ ਦੀ ਫ਼ਸਲ 'ਤੇ ਕਿਸਾਨ ਨੇ ਟਰੈਕਟਰ ਚਲਾ ਦਿੱਤਾ । 


ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਦਾਲ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਗੱਲ ਤਾਂ ਕੀਤੀ ਗਈ ਸੀ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਉਸ ਨੇ ਪੰਜਾਬ ਸਰਕਾਰ ਤੋਂ ਖਰਾਬ ਹੋਈ ਮੂੰਗੀ ਦੀ ਫਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | 


ਇਸ ਮੌਕੇ ਕਿਸਾਨ ਦੀ ਹਾਜ਼ਰੀ ਵਿੱਚ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਮੂੰਗੀ ਦੀ ਕਾਸ਼ਤ ਨੂੰ ਬੜਾਵਾ ਦਿੱਤਾ ਹੈ, ਪਰ ਨਕਲੀ ਦਵਾਈਆਂ, ਬੀਜਾਂ ਅਤੇ ਸਪਰੇਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।


 ਉਨ੍ਹਾਂ ਦੱਸਿਆ ਕਿ ਇਸ ਕਿਸਾਨ ਵੱਲੋਂ ਬੀਜੀ ਗਈ ਫ਼ਸਲ ਦੁਕਾਨਦਾਰ ਵੱਲੋਂ ਦਿੱਤੇ ਗਏ ਘਟੀਆ ਬੀਜ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇਸ ਕਿਸਾਨ ਨੂੰ ਮਹਿੰਗੀਆਂ ਦਵਾਈਆਂ ਦਾ ਛਿੜਕਾਅ ਕਰਨਾ ਪਿਆ, ਪਰ ਦਵਾਈਆਂ ਵੀ ਨਕਲੀ ਹੋਣ ਕਾਰਨ ਫਸਲ ਬਿਮਾਰੀ ਅਤੇ ਸੁੰਡੀ ਦਾ ਸ਼ਿਕਾਰ ਹੋ ਗਿਆ। 


ਉਨ੍ਹਾਂ ਦੱਸਿਆ ਕਿ ਇਸ ਕਿਸਾਨ ਦਾ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਲਈ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਦਵਾਈਆਂ ਅਤੇ ਬੀਜ ਵੇਚਣ ਵਾਲੇ ਵਪਾਰੀਆਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਅਤੇ ਸਹੀ ਬੀਜ ਅਤੇ ਅਸਲੀ ਦਵਾਈਆਂ ਕਿਸਾਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਗਰੀਬ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਦੁਆਬਾ ਕਿਸਾਨ ਕਮੇਟੀ ਇਸ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।