ਨਵੀਂ ਦਿੱਲੀ: ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ 15 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਸਿੱਕਮ, ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਤੇ ਕੇਰਲ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਆਪਣੇ ਤਾਜ਼ਾ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ 11 ਸਤੰਬਰ ਨੂੰ ਬੰਗਾਲ ਦੀ ਖਾੜੀ ਦੇ ਆਲੇ-ਦੁਆਲੇ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਐਨਸੀਆਰ 'ਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਅਗਲੇ 5 ਤੋਂ 6 ਦਿਨਾਂ ਤਕ ਭਾਰੀ ਬਾਰਸ਼ ਹੋਵੇਗੀ।


ਇਹ ਬਰਸਾਤੀ ਹਫ਼ਤਾ ਦਿੱਲੀ 'ਚ ਮਾਨਸੂਨ ਦੀ ਬਾਰਸ਼ ਦਾ ਇੱਕ ਦਹਾਕਾ ਪੁਰਾਣਾ ਰਿਕਾਰਡ ਵੀ ਤੋੜ ਸਕਦੀ ਹੈ। ਲਗਾਤਾਰ ਮੀਂਹ ਕਾਰਨ ਗਰਮੀ 'ਚ ਕਮੀ ਆਵੇਗੀ ਤੇ ਤਾਪਮਾਨ 'ਚ ਵੀ ਗਿਰਾਵਟ ਆਉਣ ਦੀ ਉਮੀਦ ਹੈ।


ਮੰਗਲਵਾਰ ਨੂੰ ਤੇਲੰਗਾਨਾ ਦੇ ਸਿਰਸਿਲਾ ਸ਼ਹਿਰ ਤੇ ਰਾਜੰਨਾ ਸਿਰਸਿਲਾ ਜ਼ਿਲ੍ਹੇ ਦੇ ਕੁਝ ਹੋਰ ਹਿੱਸਿਆਂ 'ਚ ਭਾਰੀ ਮੀਂਹ ਪਿਆ। ਸੋਮਵਾਰ ਸ਼ਾਮ ਤੋਂ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਸੜਕਾਂ ਨਾਲਿਆਂ 'ਚ ਤਬਦੀਲ ਹੋ ਗਈਆਂ। ਇਸ ਕਾਰਨ ਇੱਥੇ ਆਮ ਜਨਜੀਵਨ ਠੱਪ ਹੋ ਗਿਆ ਹੈ ਤੇ ਮੰਗਲਵਾਰ ਨੂੰ ਕੁਝ ਜ਼ਿਲ੍ਹਿਆਂ 'ਚ ਸੜਕੀ ਸੰਪਰਕ ਟੁੱਟ ਗਿਆ।


ਜ਼ਿਕਰਯੋਗ ਹੈ ਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਪੱਛਮੀ ਹਵਾਵਾਂ ਕਾਰਨ ਪੱਛਮੀ, ਦੱਖਣੀ ਤੇ ਮੱਧ ਭਾਰਤ ਦੇ ਹੇਠਲੇ ਦਬਾਅ ਵਾਲੇ ਖੇਤਰ 'ਚ ਨਮੀ ਆਉਣ ਦੀ ਵੀ ਸੰਭਾਵਨਾ ਹੈ। ਇਸ ਮੌਸਮ ਸਬੰਧੀ ਸਥਿਤੀਆਂ ਦੇ ਪ੍ਰਭਾਵ ਅਧੀਨ ਪੱਛਮੀ, ਪੱਛਮੀ ਤੱਟਵਰਤੀ ਦੱਖਣੀ ਭਾਰਤ ਤੇ ਉੱਤਰੀ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਗਰਜ-ਤੂਫ਼ਾਨ ਦੇ ਨਾਲ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਜਰਾਤ, ਤੱਟਵਰਤੀ ਮਹਾਰਾਸ਼ਟਰ ਤੇ ਗੋਆ 'ਚ ਵੱਖ-ਵੱਖ ਥਾਵਾਂ 'ਤੇ ਅੱਜ ਭਾਰੀ ਬਾਰਸ਼ ਪੈ ਸਕਦੀ ਹੈ।


ਦੱਖਣ ਉੜੀਸ਼ਾ-ਉੱਤਰੀ ਆਂਧਰਾ ਪ੍ਰਦੇਸ਼ ਦੇ ਤੱਟਾਂ ਤੋਂ ਦੂਰ ਉੱਤਰ-ਪੱਛਮ ਤੇ ਇਸ ਦੇ ਨਾਲ ਲੱਗਦੀ ਪੱਛਮੀ-ਮੱਧ ਬੰਗਾਲ ਦੀ ਖਾੜੀ 'ਚ ਹਵਾ ਦਾ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ, ਜਿਸ ਕਾਰਨ ਅਗਲੇ 4-5 ਦਿਨਾਂ ਦੌਰਾਨ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਸਬੰਧਤ ਸੂਬਿਆਂ 'ਚ ਭਾਰੀ ਬਾਰਸ਼ ਪੈ ਸਕਦੀ ਹੈ।


ਭਾਰਤੀ ਮੌਸਮ ਵਿਭਾਗ (ਆਈਐਮਡੀ) ਭੁਵਨੇਸ਼ਵਰ ਦੇ ਸੀਨੀਅਰ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ, "ਉੱਤਰ-ਪੱਛਮ ਤੇ ਮੱਧ ਬੰਗਾਲ ਦੇ ਨੇੜੇ ਖਾੜੀ 'ਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।"