Dairy Tips - ਖੇਤੀਬਾੜੀ ਦੇ ਨਾਲ ਨਾਲ ਦੁੱਧ ਦਾ ਧੰਦਾ ਵੀ ਪੰਜਾਬ ਦੇ ਲੋਕ ਅਪਣਾ ਰਹੇ ਹਨ। ਦੁੱਧ ਵੇਚਣ ਤੋਂ ਲੈ ਕੇ ਦੁੱਧ ਤੋਂ ਉਤਪਾਦ ਬਣਾ ਕੇ ਵੀ ਵੇਚੇ ਜਾਂਦੇ ਹਨ। ਦੁੱਧ ਉਤਪਾਦਨ ਪੰਜਾਬ ਦੀ ਆਰਥਿਕਤਾ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਦੁੱਧ ਮਨੁੱਖ ਦੇ ਆਹਾਰ ’ਚ ਵੱਡਾ ਯੋਗਦਾਨ ਪਾਉਂਦਾ ਹੈ। ਭਾਰਤ ਦੁਨੀਆ ’ਚ ਦੁੱਧ ਦੀ ਪੈਦਾਵਾਰ ’ਚ ਪਹਿਲੇ ਸਥਾਨ ’ਤੇ ਹੈ। ਦੁੱਧ ਦੀ ਪੈਦਾਵਾਰ ਵਧਾਉਣ ਅਤੇ ਪਸ਼ੂਆਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਲਈ ਕੁਝ ਉਪਾਅ ਵਰਤੇ ਜਾ ਸਕਦੇ ਹਨ, ਜੋ ਹੇਠ ਲਿਖੇ ਅਨੁਸਾਰ ਹਨ -
ਅੱਜਕੱਲ੍ਹ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਦੁੱਧ ਦੀ ਕੁਆਲਟੀ ਨੂੰ ਸੁਧਾਰਨ ਲਈ ਇਸ ਕਿੱਤੇ ਨਾਲ ਜੁੜੀਆਂ ਸਾਰੀਆਂ ਡੇਅਰੀਆਂ ਅਤੇ ਕਿਸਾਨ ਕਾਫ਼ੀ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਦੁੱਧ ਦੀ ਮਾਰਕੀਟ ਵਧਾਉਣ ਵਾਸਤੇ ਸਾਫ਼-ਸੁਥਰੇ ਦੁੱਧ ਉਤਪਾਦਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਚੰਗੀ ਕੁਆਲਟੀ ਦੇ ਡੇਅਰੀ ਪਦਾਰਥਾਂ ਲਈ ਚੰਗੀ ਕਿਸਮ ਦੇ ਦੁੱਧ ਦਾ ਹੋਣਾ ਬਹੁਤ ਜ਼ਰੂਰੀ ਹੈ।
ਚੁਆਈ ਕਰਨ ਵੇਲੇ ਧਿਆਨ ਦੇਣ ਯੋਗ ਗੱਲਾਂ
ਚੁਆਈ ਵੇਲੇ ਸਫ਼ਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਦੁੱਧ ਚੁਆਈ ਵਾਲੇ ਖੇਤਰ ’ਚ ਗੰਦਗੀ ਜਿਵੇਂ ਕਿ ਗੋਹਾ, ਚਿੱਕੜ, ਗੰਦੀ ਤੂੜੀ, ਮੱਖੀਆਂ, ਮੱਛਰ, ਚੂਹੇ ਆਦਿ ਨਹੀਂ ਹੋਣੇ ਚਾਹੀਦੇ। ਪਸ਼ੂ ਦੇ ਥਣਾਂ, ਪਿਛਲੀਆਂ ਲੱਤਾਂ, ਪੂਛ ਨੂੰ ਕੋਸੇ ਪਾਣੀ ਨਾਲ ਧੋ ਕੇ ਪੂੰਝਣਾ ਚਾਹੀਦਾ ਹੈ। ਥਣਾਂ ਨੂੰ ਲਾਲ ਦਵਾਈ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ।
ਇਸਤੋਂ ਇਲਾਵਾ ਪਸ਼ੂਆਂ ਲਈ ਟੀਕਾ ਜਾਂ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਕੁਦਰਤੀ ਤਰੀਕੇ ਨਾਲ ਦੁੱਧ ਕੱਢਣਾ ਚਾਹੀਦਾ ਹੈ। ਪਹਿਲੀਆਂ ਧਾਰਾਂ ’ਚ ਕੀਟਾਣੂਆਂ ਦੀ ਮਾਤਰਾ ਵੱਧ ਹੁੰਦੀ ਹੈ, ਇਸ ਲਈ ਪਹਿਲੀਆਂ ਧਾਰਾਂ ਨੂੰ ਵੱਖ ਚੋਣਾ ਚਾਹੀਦਾ ਹੈ ਤੇ ਪੀਣ ਵਾਲੇ ਦੁੱਧ ’ਚ ਨਹੀਂ ਮਿਲਾਉਣਾ ਚਾਹੀਦਾ।
ਦੁੱਧ ਚੋਣ ਸਮੇਂ ਪਹਿਲੀਆਂ ਧਾਰਾਂ ਧਿਆਨ ਨਾਲ ਵੇਖੋ ਕਿ ਕਿਸੇ ਤਰ੍ਹਾਂ ਦੀਆਂ ਛਿੱਦੀਆ ਆਦਿ ਤਾਂ ਨਹੀਂ ਆਉਂਦੀਆਂ। ਸਾਰਾ ਦੁੱਧ ਕੱਢ ਲੈਣਾ ਚਾਹੀਦਾ ਹੈ। ਚੁਆਈ ਹਮੇਸ਼ਾ ਪੂਰੀ ਕਰਨੀ ਚਾਹੀਦੀ ਹੈ। ਜੇ ਚੁਆਈ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦੀ ਸਫ਼ਾਈ ਵੱਲ ਧਿਆਨ ਦੇਵੋ ਅਤੇ ਸਮੇਂ ਸਿਰ ਮਸ਼ੀਨਾਂ ਨੂੰ ਕੰਪਨੀ ਵੱਲੋਂ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਪਸ਼ੂਆਂ ਦਾ ਆਲਾ-ਦੁਆਲਾ ਅਤੇ ਸ਼ੈੱਡ ਦਾ ਪ੍ਰਬੰਧ
ਪਸ਼ੂਆਂ ਦਾ ਆਲਾ-ਦੁਆਲਾ ਅਤੇ ਸ਼ੈੱਡ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਦੁੱਧ ਮਾੜੀ ਸੁਗੰਧ ਨੂੰ ਛੇਤੀ ਖਿੱਚ ਲੈਂਦਾ ਹੈ। ਦੁੱਧ ’ਚ ਜਾ ਕੇ ਇਹ ਸੁਗੰਧ ਦੁੱਧ ਦੀ ਕੁਆਲਿਟੀ ਉੱਤੇ ਅਸਰ ਪਾਉਂਦੀ ਹੈ। ਫਰਸ਼ ਅਤੇ ਨਾਲੀ ਪੱਕੇ ਅਤੇ ਉੱਚਿਤ ਢਾਲ ਵਾਲੇ ਹੋਣ ਤਾਂ ਜੋ ਪਾਣੀ ਅਤੇ ਮਲ ਮੂਤਰ ਆਸਾਨੀ ਨਾਲ ਬਾਹਰ ਜਾ ਸਕੇ।ਸ਼ੈੱਡ, ਮੱਖੀ, ਮੱਛਰ, ਧੂੜ, ਬਾਹਰੀ ਪਰਜੀਵੀ, ਸਿਉਂਕ ਤੇ ਚੂਹਿਆਂ ਆਦਿ ਤੋਂ ਮੁਕਤ ਹੋਵੇ। ਖੁਰਲੀ ਤੇ ਸ਼ੈੱਡ ਦੀਆਂ ਦੀਵਾਰਾਂ ਪਲੱਸਤਰ ਕੀਤੀਆਂ ਹੋਣ, ਉਨ੍ਹਾਂ ’ਚ ਤਰੇੜਾਂ ਨਾ ਹੋਣ। ਤਰੇੜਾਂ ’ਚ ਹਾਨੀਕਾਰਕ ਜੀਵ ਆਪਣਾ ਘਰ ਬਣਾ ਲੈਂਦੇ ਹਨ।
ਨਾਲ ਹੀ ਸ਼ੈੱਡ ਅੰਦਰ ਧੁੱਪ ਅਤੇ ਹਵਾ ਦਾ ਆਦਾਨ-ਪ੍ਰਦਾਨ ਉੱਚਿਤ ਮਾਤਰਾ ’ਚ ਹੋਣਾ ਚਾਹੀਦਾ ਹੈ। ਗੱਲਾਂ ਦਾ ਧਿਆਨ ਰੱਖ ਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਥਣੈਲਾ ਰੋਗ ਜਿਹੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ। ਸਾਫ਼-ਸੁਥਰਾ ਦੁੱਧ ਦਾ ਉਤਪਾਦਨ ਕਰ ਕੇ ਅਸੀਂ ਦੁੱਧ ਦੀ ਕੁਆਲਿਟੀ ਅੰਤਰਰਾਸ਼ਟਰੀ ਮਿਆਰਾਂ ਮੁਤਾਬਕ ਕਰ ਸਕਦੇ ਹਾਂ ਅਤੇ ਡੇਅਰੀ ਕਿੱਤੇ ਨੂੰ ਹੋਰ ਲਾਹੇਵੰਦ ਬਣਾ ਸਕਦੇ ਹਾਂ।