ਫ਼ਰੀਦਕੋਟ : ਭਾਵੇਂ ਕਿ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਨਾੜ ਨੂੰ ਖੇਤਾਂ ਅੰਦਰ ਹੀ ਵਾਹ ਕੇ ਅਗਲੀ ਫ਼ਸਲ ਦੀ ਬਿਜਾਈ ਕਰਨ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਧੜਾਧੜ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵੱਧ ਰਹੇ ਹਨ। ਜੇਕਰ ਗੱਲ ਕਰੀਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਤਾਂ ਕੁੱਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੇ ਕੋਟਕਪੂਰਾ ਹਲਕੇ ਦਾ ਪਿੰਡ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ ਤਾਂ ਉਹ ਪਿੰਡ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣਗੇ ਪਰ ਉਨ੍ਹਾਂ ਦੇ ਹੀ ਜੱਦੀ ਪਿੰਡ ਸੰਧਵਾ ਵਿਖੇ ਉਨ੍ਹਾਂ ਦੀ ਰਿਹਾਇਸ਼ ਤੋਂ ਮਹਿਜ਼ ਕੁੱਝ ਕੁ ਗਜ਼ ਦੇ ਫਾਸਲੇ 'ਤੇ ਕਿਸਾਨ ਆਪਣੇ ਖੇਤਾਂ 'ਚ ਪਰਾਲ਼ੀ ਨੂੰ ਅੱਗ ਲਗਾ ਰਹੇ ਹਨ।

 

ਇਸ ਮੌਕੇ 'ਤੇ ਮੀਡੀਆ ਦੇ ਸਾਹਮਣੇ ਹੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ, ਜਿਸ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਭਾਵੇ ਅਪੀਲ ਕਰ ਰਹੀ ਹੈ ਕੇ ਪਰਾਲ਼ੀ ਨੂੰ ਅੱਗ ਨਾ ਲਾਉਣ ਪਰ ਉਨ੍ਹਾਂ ਦੀ ਮਜ਼ਬੂਰੀ ਕੋਈ ਨਹੀਂ ਸਮਝਦਾ ਕਿਉਂਕਿ ਪਹਿਲੀ ਗੱਲ ਕੇ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਬੇਲਰ ਨਾ ਤਾਂ ਉਨ੍ਹਾਂ ਕੋਲ ਹਨ ਅਤੇ ਨਾ ਹੀ ਪਿੰਡ ਦੀ ਸੋਸਾਇਟੀ ਕੋਲ ਸਰਕਾਰ ਵੱਲੋਂ ਇਹ ਸੰਦ ਮੁਹਈਆ ਕਰਵਾਏ ਗਏ ਹਨ। ਦੂਜੇ ਪਾਸੇ ਜੇਕਰ ਗੱਠਾਂ ਬਣਾ ਵੀ ਲਈਆਂ ਜਾਣ ਤਾਂ ਉਨ੍ਹਾਂ ਨੂੰ ਚੱਕਣ ਲਈ ਕੋਈ ਤਿਆਰ ਨਹੀਂ ,ਜਿਸ ਕਾਰਨ ਅਗਲੀ ਫਸਲ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਦਾ ਸਮਾਂ ਵੀ ਨਹੀਂ ਬਚਣਾ, ਇਸ ਲਈ ਉਨ੍ਹਾਂ ਦੀ ਮਜ਼ਬੂਰੀ ਹੈ ਕੇ ਪਰਾਲੀ ਨੂੰ ਅੱਗ ਲਗਾ ਰਹੇ ਹਨ।

 

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜਰਨਲ ਸਕੱਤਰ ਰਾਜਵੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਐਲਾਨ ਤਾਂ ਜਰੂਰ ਕਰਦੀ ਹੈ ਪਰ ਜ਼ਮੀਨੀ ਪੱਧਰ 'ਤੇ ਉਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਪਰਾਲ਼ੀ ਸੰਭਲਣ ਵਾਲੇ ਸੰਦ ਮੁਹਈਆ ਕਰਵੇਗੀ ਪਰ ਸਾਡੇ ਇਲਾਕੇ 'ਚ ਕਿਸੇ ਵੀ ਕਿਸਾਨ ਨੂੰ ਕੋਈ ਸੰਦ ਨਹੀ ਮਿਲੇਉਲਟਾ ਜਿਨ੍ਹਾਂ ਕਿਸਾਨਾ ਵੱਲੋਂ ਰੀਪਰ ਜਾਂ ਬੇਲਰ ਲਈ ਫਾਈਲਾਂ ਭਰੀਆਂ ਸਨ ,ਉਨ੍ਹਾਂ ਨੂੰ ਵੀ ਹਲੇ ਤੱਕ ਇਹ ਮੁਹਈਆ ਨਹੀ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤਾਂ ਜੋ ਕਿਸਾਨਾਂ 'ਤੇ ਪਰਾਲੀ ਸੰਭਾਲਣ ਨੂੰ ਲੈ ਕੇ ਬੋਝ ਨਾ ਪਵੇ ਪਰ ਉਸ ਐਲਾਨ ਤੋਂ ਕੇਂਦਰ ਸਰਕਾਰ ਵੀ ਪਿੱਛੇ ਹਟ ਗਈ ਅਤੇ ਸੂਬਾ ਸਰਕਾਰ ਵੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾਂ ਸਾਡੀ ਮਜ਼ਬੂਰੀ ਹੈ ਕੋਈ ਸ਼ੋਕ ਨਹੀ ਕਿਉਕਿ ਇਸ ਦਾ ਜ਼ਹਿਰੀਲਾਧੂਆਂ ਸਾਡੇ ਖੁਦ ਦੇ ਘਰਾਂ 'ਚੋਂ ਪਹਿਲਾ ਹੋ ਕੇ ਫਿਰ ਬਾਹਰ ਜਾਂਦਾ ਹੈ, ਇਸ ਲਈ ਸਰਕਾਰ ਕਿਸਾਨਾਂ ਨੂੰ ਦੋਸ਼ੀ ਬਣਾਉਣ ਦੀ ਜਗ੍ਹਾ ਇਸ ਦਾ ਕੋਈ ਠੋਸ ਹੱਲ ਕੱਢੇ।