ਚੰਡੀਗੜ੍ਹ :ਝੋਨੇ ਤੇ ਕਣਕ ਦੀ ਪਰਾਲੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ । ਪਰ ਜੇਕਰ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਕੁੱਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਇਸ ਪਰਾਲੀ ਤੋਂ ਲਾਭ ਵੀ ਕਮਾਇਆ ਜਾ ਸਕਦਾ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਨਾਲ ਚੱਲਣ ਵਾਲੇ ਬਾਇਓ ਗੈਸ ਪਲਾਂਟ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਆਕਸੀਜਨ ਰਹਿਤ ਖੂਹ ਵਿੱਚ ਗਾਲ ਕੇ ਬਾਇਓ ਗੈਸ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਰਾਹੀਂ ਬਹੁਤ ਹੀ ਘੱਟ ਮਿਹਨਤ ਨਾਲ ਪਰਾਲੀ ਤੋਂ ਵੱਡੀ ਮਾਤਰਾ ਵਿੱਚ ਗੈਸ ਪੈਦਾ ਕੀਤੀ ਜਾ ਸਕਦੀ ਹੈ।
ਇਸ ਵਿਚ ਗੋਹੇ ਤੇ ਪਰਾਲੀ ਦੀਆਂ ਤਹਿਆਂ ਲਾਈਆਂ ਜਾਂਦਿਆਂ ਹਨ । ਹੇਠਾਂ ਗੋਹਾ ਫੇਰ ਪਰਾਲੀ ਫੇਰ ਗੋਹਾ, ਖੂਹ ਵਿਚ ਇਸੇ ਤਰਾਂ ਭਰਿਆ ਜਾਂਦਾ ਹੈ । ਇਸ ਵਿਚ ਲੋੜ ਮੁਤਾਬਿਕ ਪਾਣੀ ਪਾ ਕੇ ਗੈਸ ਪੈਦਾ ਕੀਤੀ ਜਾਂਦੀ ਹੈ ।
ਇਸ ਪਲਾਂਟ ਵਿਚ ਤਕਰੀਬਨ 16 ਕੁਇੰਟਲ ਪਰਾਲੀ ਤੇ 4 ਕੁਇੰਟਲ ਗੋਹਾ ਵਰਤਿਆ ਜਾਂਦਾ ਹੈ ਜਿਸਤੋਂ 3 ਮਹੀਨੇ ਤੱਕ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । 3 ਮਹੀਨੇ ਬਾਅਦ ਇਸ ਨੂੰ ਦੁਬਾਰਾ ਭਰਿਆ ਜਾਂਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਗਾਰ ਖਾਦ ਦੇ ਤੋਰ ਤੇ ਵਰਤੀ ਜਾ ਸਕਦੀ ਹੈ ।
ਇਸ ਬਾਇਓ ਗੈਸ ਪਲਾਂਟ ਦੇ ਮੁੱਖ ਰੂਪ ਵਿੱਚ ਦੋ ਹਿੱਸੇ (ਡਾਈਜੈਸਟਰ ਅਤੇ ਗੈਸ ਹੋਲਡਰ) ਹੁੰਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਜ਼ਮੀਨ ਦੇ ਅੰਦਰ 10X10 ਦਾ ਖੂਹ ਪੁੱਟ ਕੇ ਡਾਈਜੈਸਟਰ ਦੀ ਇੱਟਾਂ ਤੇ ਸੀਮਿੰਟ ਨਾਲ ਚਿਣਾਈ ਕੀਤੀ ਜਾਂਦੀ ਹੈ ਅਤੇ ਇਸ ਦੇ ਬਿਲਕੁਲ ਉੱਪਰ ਗੁੰਬਦ ਦਾ ਮੂੰਹ ਬੰਦ ਕਰਨ ਵਾਸਤੇ ਤਕਰੀਬਨ 3 ਫੁੱਟ ਘੇਰੇ ਦਾ ਲੋਹੇ ਦਾ ਢੱਕਣ ਫਿਟ ਕੀਤਾ ਜਾਂਦਾ ਹੈ ਜੋ ਕਿ ਲੋੜ ਮੁਤਾਬਿਕ ਖੋਲਿਆਂ ਤੇ ਬੰਦ ਕੀਤਾ ਜਾ ਸਕਦਾ ਹੈ।
ਲੋਹੇ ਦੇ ਇਸ ਢੱਕਣ ਵਿੱਚ ਹੀ ਗੈਸ ਨਿਕਲਣ ਵਾਸਤੇ ਲੋਹੇ ਦੀ ਪਾਈਪ ਫਿੱਟ ਕੀਤੀ ਜਾਂਦੀ ਹੈ ਅਤੇ ਡਾਈਜੈਸਟਰ ਦੇ ਇੱਕ ਪਾਸੇ ਪਾਣੀ ਭਰਨ ਲਈ ਲੋਹੇ ਦੀ ਪਾਈਪ ਡਾਈਜੈਸਟਰ ਦੇ ਫ਼ਰਸ਼ ਦੇ ਬਰਾਬਰ ਫਿੱਟ ਕੀਤੀ ਜਾਂਦੀ ਹੈ।
ਇਸ ਬਾਇਓ ਗੈਸ ਪਲਾਂਟ ਨੂੰ 16 ਕੁਇੰਟਲ ਪਰਾਲੀ ਅਤੇ 4 ਕੁਇੰਟਲ ਗੋਬਰ ਨਾਲ ਭਰਿਆ ਜਾਂਦਾ ਹੈ ਅਤੇ ਪਲਾਂਟ ਵਿੱਚੋਂ ਤਕਰੀਬਨ 7 ਤੋਂ 10 ਦਿਨਾਂ ਦੇ ਵਿੱਚ ਬਾਇਓ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।ਬਾਇਓ ਗੈਸ ਪਲਾਂਟ ਤੋਂ ਤਕਰੀਬਨ 3 ਤੋਂ 4 ਐਲ.ਪੀ.ਜੀ. ਸਿਲੰਡਰ ਪ੍ਰਤੀ ਮਹੀਨਾ ਦੇ ਬਰਾਬਰ ਗੈਸ ਪੈਦਾ ਹੁੰਦੀ ਹੈ।