Punjab News: ਪੰਜਾਬ ਵਿੱਚ ਕਣਕ ਦਾ ਬੰਪਰ ਝਾੜ ਨਿਕਲਣ ਕਰਕੇ ਕੇਂਦਰ ਸਰਕਾਰ ਹੈਰਾਨ ਹੈ। ਇਸ ਲਈ ਕੇਂਦਰ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਰਿਪੋਰਟ ਨਾਲੋਂ ਕਣਕ ਦਾ ਝਾੜ 600 ਤੋਂ 700 ਕੁਇੰਟਲ ਵੱਧ ਹੈ। ਹੁਣ ਕੇਂਦਰ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਆਖਰ ਇਹ ਕਿਵੇਂ ਹੋਇਆ।
ਦੱਸ ਦਈਏ ਕਿ ਪੰਜਾਬ ਦੇ ਖੇਤੀ ਵਿਭਾਗ ਨੇ ਕਣਕ ਦੀ ਵਾਢੀ ਤੇ ਮੁੱਢਲੇ ਪੜਾਅ ’ਤੇ ਪੁੱਜੀ ਫ਼ਸਲ ਦੇ ਤਜਰਬੇ ਦੇ ਆਧਾਰ ’ਤੇ ਭਾਰਤ ਸਰਕਾਰ ਨੂੰ ਸੂਚਨਾ ਭੇਜੀ ਸੀ ਕਿ ਕਣਕ ਦਾ ਔਸਤ ਝਾੜ 47.25 ਕੁਇੰਟਲ ਪ੍ਰਤੀ ਹੈਕਟੇਅਰ (19 ਕੁਇੰਟਲ ਪ੍ਰਤੀ ਏਕੜ) ਹੋਵੇਗਾ। ਦੂਜੇ ਪਾਸੇ ਪੰਜਾਬ ਦੇ ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ 125 ਲੱਖ ਮੀਟਰਿਕ ਟਨ ਫ਼ਸਲ ਪੁੱਜ ਚੁੱਕੀ ਹੈ ਜਦੋਂਕਿ ਪਿਛਲੇ ਵਰ੍ਹੇ ਇਹ ਅੰਕੜਾ 96 ਲੱਖ ਮੀਟਰਿਕ ਟਨ ਦੇ ਕਰੀਬ ਸੀ।
ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀ ਮੰਗੀ ਖ਼ਾਸ ਤੌਰ 'ਤੇ ਰਿਪੋਰਟ
ਭਾਰਤ ਸਰਕਾਰ ਨੇ ਪੰਜਾਬ ਦੇ ਖ਼ਾਸ ਕਰਕੇ ਤਿੰਨ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਮੋਗਾ ਬਾਰੇ ਜਾਣਕਾਰੀ ਮੰਗੀ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਣਕ ਦੀ ਅਸਲ ਪੈਦਾਵਾਰ 55-57 ਕੁਇੰਟਲ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਜੋ ਪ੍ਰਤੀ ਏਕੜ ਦੇ ਲਿਹਾਜ਼ ਨਾਲ 24 ਕੁਇੰਟਲ ਬਣਦੀ ਹੈ। ਹਾਸਲ ਜਾਣਕਾਰੀ ਅਨੁਸਾਰ ਮੌਜੂਦਾ ਸੀਜ਼ਨ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 7.88 ਲੱਖ ਮੀਟਰਿਕ ਟਨ, ਫ਼ਰੀਦਕੋਟ ਵਿਚ 4.60 ਲੱਖ ਮੀਟਰਿਕ ਟਨ ਤੇ ਮੋਗਾ ਜ਼ਿਲ੍ਹੇ ਵਿੱਚ 6.92 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਐਤਕੀਂ ਆਖ਼ਰੀ ਪੜਾਅ ’ਤੇ ਕਣਕ ਦੀ ਫ਼ਸਲ ਬੇਮੌਸਮੇ ਮੀਂਹ ਤੇ ਝੱਖੜ ਦੀ ਮਾਰ ਹੇਠ ਆ ਗਈ ਸੀ ਜਿਸ ਕਰਕੇ ਕਣਕ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ ਸੀ। ਮੀਂਹ ਤੇ ਝੱਖੜ ਨੇ ਸਭ ਤੋਂ ਵੱਧ ਨੁਕਸਾਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੀਤਾ ਸੀ ਤੇ ਇਸ ਜ਼ਿਲ੍ਹੇ ਵਿੱਚ ਕਣਕ ਦੀ ਕੁੱਲ ਆਮਦ ਹੁਣ ਤੱਕ 7.41 ਲੱਖ ਟਨ ਹੋ ਚੁੱਕੀ ਹੈ। ਕਈ ਥਾਵਾਂ ’ਤੇ ਫ਼ਸਲ ਦਾ ਝਾੜ ਘਟਿਆ ਵੀ ਹੈ।